Phagwara News : ਫਗਵਾੜਾ 'ਚ ਵਾਪਰਿਆ ਦਰਦਨਾਕ ਹਾਦਸਾ , ਪਤੀ- ਪਤਨੀ ਸਮੇਤ ਛੋਟੀ ਬੱਚੀ ਦੀ ਹੋਈ ਮੌਤ
Phagwara News : ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ 'ਤੇ ਦੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਪਤੀ- ਪਤਨੀ ਸਮੇਤ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਪੱਪੂ ਯਾਦਵ ਤੇ ਉਸਦੀ ਪਤਨੀ ਸੁਨੀਤਾ ਅਤੇ ਇਕ ਛੋਟੀ ਬੱਚੀ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿੱਚ ਐਮਰਜਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਦੀ ਡਿਊਟੀ ਦੌਰਾਨ ਦੇਰ ਰਾਤ ਚਾਰ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਸੀ।
ਜਿਨਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਸੀ ਤੇ ਇੱਕ ਦੇ ਸੱਟਾਂ ਵੱਜੀਆਂ ਸਨ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ। ਉਧਰ ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਵਲ ਪਿੰਡੀ ਦੇ ਐਸਐਚਓ ਨੇ ਦੱਸਿਆ ਕਿ ਉਨਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ 'ਤੇ ਰੋਮੀ ਢਾਬੇ ਨਜ਼ਦੀਕ ਇੱਕ ਕਾਰ, ਈ ਰਿਕਸ਼ਾ ਅਤੇ ਟਰੈਕਟਰ ਟਰਾਲੀ ਵਿੱਚ ਭਿਆਨਕ ਟੱਕਰ ਹੋ ਗਈ ਹੈ।
ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚਦੇ ਹਨ ਤੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹਨ ਤੇ ਜ਼ਖਮੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਿਵਿਲ ਹਸਪਤਾਲ ਫਗਵਾੜਾ ਪਹੁੰਚਦੇ ਹਨ। ਜਿੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਈ ਰਿਕਸ਼ਾ ਵਿੱਚ ਸਵਾਰ ਪਤੀ ਪਤਨੀ ਅਤੇ ਛੋਟੀ ਬੱਚੀ ਦੀ ਮੌਤ ਹੋ ਗਈ ਹੈ ਅਤੇ ਬਾਕੀ ਜ਼ਖਮੀਆਂ ਨੂੰ ਡਾਕਟਰਾਂ ਵੱਲੋਂ ਸੀਰੀਅਸ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS