Bazar: HDFC ਬੈਂਕ 'ਚ ਹਿੱਸੇਦਾਰੀ ਖਰੀਦੇਗੀ LIC, ਜਾਣੋ ਸਟਾਕ ਧਾਰਕਾਂ 'ਤੇ ਅਸਰ
RBI Allows LIC Gets Stake In HDFC Bank: LIC ਅਤੇ HDFC ਬੈਂਕ ਦੋਵੇਂ ਹੀ ਦਿੱਗਜ਼ ਕੰਪਨੀਆਂ ਹਨ, ਜਿਨ੍ਹਾਂ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ ਐਚਡੀਐਫਸੀ ਬੈਂਕ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਲਆਈਸੀ ਨੂੰ ਬੈਂਕ ਵਿੱਚ ਆਪਣੀ ਹਿੱਸੇਦਾਰੀ ਵਧਾ ਕੇ 9.99% ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਦੀ ਜਾਣਕਾਰੀ ਬੈਂਕ ਨੇ ਸਟਾਕ ਐਕਸਚੇਂਜ ਫਾਈਲਿੰਗ 'ਚ ਦਿੱਤੀ ਹੈ। ਬੈਂਕ ਵੱਲੋਂ ਦੱਸਿਆ ਗਿਆ ਕਿ ਰਿਜ਼ਰਵ ਬੈਂਕ ਵੱਲੋਂ ਐਲਆਈਸੀ ਨੂੰ ਇੱਕ ਸਾਲ ਦੀ ਸਮਾਂ ਸੀਮਾ ਦੇ ਅੰਦਰ ਬੈਂਕ 'ਚ ਸ਼ੇਅਰ ਹਾਸਲ ਕਰਨ ਲਈ ਕਿਹਾ ਗਿਆ ਹੈ। ਇਹ ਪ੍ਰਾਈਵੇਟ ਬੈਂਕਾਂ ਦੀ ਸ਼ੇਅਰਹੋਲਡਿੰਗ ਲਈ ਆਰਬੀਆਈ ਨਿਯਮਾਂ ਦੇ ਮੁਤਾਬਕ ਇੱਕ ਯੋਗ ਵਿਵਸਥਾ ਹੈ।
ਆਰਬੀਆਈ ਦੀਆਂ ਅਜਿਹੀਆਂ ਕੰਪਨੀਆਂ ਲਈ ਵੱਖ-ਵੱਖ ਦਿਸ਼ਾ-ਨਿਰਦੇਸ਼ ਹਨ, ਜਿਨ੍ਹਾਂ ਨੂੰ 5% ਤੱਕ ਹਿੱਸੇਦਾਰੀ ਰੱਖਣ ਦੀ ਇਜਾਜ਼ਤ ਹੈ। 5% ਤੋਂ 9.99% ਹਿੱਸੇਦਾਰੀ ਰੱਖਣ ਵਾਲੀਆਂ ਸੰਸਥਾਵਾਂ ਲਈ ਵੱਖਰੇ ਨਿਯਮ ਹਨ। ਦੱਸ ਦੇਈਏ ਕਿ ਦਸੰਬਰ 2023 ਤੱਕ ਬੈਂਕ 'ਚ LIC ਦੀ ਹਿੱਸੇਦਾਰੀ 5.2% ਸੀ। LIC ਬਜ਼ਾਰ 'ਚ ਨਿਵੇਸ਼ ਕਰਨ ਲਈ ਇੱਕ ਉਲਟ ਪਹੁੰਚ ਅਪਣਾਉਂਦੀ ਹੈ, ਜਦੋਂ ਦੂਜੇ ਨਿਵੇਸ਼ਕ ਵੇਚਦੇ ਹਨ। HDFC ਬੈਂਕ ਮੁੱਖ ਤੌਰ 'ਤੇ ਵਿਦੇਸ਼ੀ ਨਿਵੇਸ਼ਕਾਂ ਦੀ ਮਲਕੀਅਤ ਹੈ।
ਦੱਸਿਆ ਜਾ ਰਿਹਾ ਕਿ 9.99% ਦੀ ਇਜਾਜ਼ਤ ਉਹ ਸੀਮਾ ਹੈ ਜਿਸ ਤੱਕ LIC ਸ਼ੇਅਰ ਖਰੀਦ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਇਹ ਚਾਲੂ ਸਾਲ ਦਾ ਟੀਚਾ ਹੋਵੇ। ਦਸ ਦਈਏ ਕਿ ਮੌਜੂਦਾ ਮਾਰਕੀਟ ਕੈਪ 10.9 ਲੱਖ ਕਰੋੜ ਰੁਪਏ ਦੇ ਮੱਦੇਨਜ਼ਰ, ਹਿੱਸੇਦਾਰੀ ਨੂੰ 4.7% ਵਧਾਉਣ ਲਈ 50,000 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦੀ ਲੋੜ ਹੋਵੇਗੀ। ਪਿਛਲੇ ਕੁਝ ਦਿਨਾਂ ਤੋਂ HDFC ਬੈਂਕ ਦੇ ਸ਼ੇਅਰਾਂ 'ਚ ਵਿਕਰੀ ਦਾ ਦੌਰ ਚੱਲ ਰਿਹਾ ਹੈ। ਜਿਸ ਨਾਲ ਸ਼ੇਅਰ 1435 ਰੁਪਏ ਦੇ ਪੱਧਰ ਤੱਕ ਡਿੱਗ ਗਿਆ ਹੈ।
ਵੀਰਵਾਰ ਨੂੰ HDFC ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਨੂੰ ਬੰਦ ਹੋਏ ਕਾਰੋਬਾਰੀ ਹਫਤੇ 'ਚ ਇਹ ਡਿੱਗ ਕੇ 1435 ਰੁਪਏ 'ਤੇ ਆ ਗਿਆ। ਬੁੱਧਵਾਰ ਨੂੰ 1455.85 ਰੁਪਏ 'ਤੇ ਬੰਦ ਹੋਣ ਵਾਲਾ ਸ਼ੇਅਰ ਵੀਰਵਾਰ ਸਵੇਰੇ 1453.65 ਰੁਪਏ 'ਤੇ ਖੁੱਲ੍ਹਿਆ ਅਤੇ ਕਾਰੋਬਾਰੀ ਸੈਸ਼ਨ ਦੇ ਅੰਤ 'ਚ 1435 ਰੁਪਏ 'ਤੇ ਆ ਗਿਆ। ਇਸ ਦੌਰਾਨ ਉਹ 1419 ਰੁਪਏ ਦੇ ਹੇਠਲੇ ਪੱਧਰ ਨੂੰ ਛੂਹ ਗਿਆ, ਦਸ ਦਈਏ ਕਿ ਇਸ ਦੌਰਾਨ ਸ਼ੇਅਰ 1455 ਰੁਪਏ ਦੇ ਪੱਧਰ ਨੂੰ ਛੂਹ ਗਿਆ। ਅਤੇ ਸ਼ੇਅਰ ਦਾ 52 ਹਫਤੇ ਦਾ ਉੱਚ ਪੱਧਰ 1,757 ਰੁਪਏ ਅਤੇ ਹੇਠਲੇ ਪੱਧਰ 1,382 ਰੁਪਏ ਹੈ।
ਦਸ ਦਈਏ ਕਿ LIC ਦੇ ਸ਼ੇਅਰ 17 ਮਈ 2022 ਨੂੰ ਸਟਾਕ ਮਾਰਕੀਟ 'ਚ ਸੂਚੀਬੱਧ ਕੀਤੇ ਗਏ ਸਨ। ਇਸ ਦੇ ਆਈਪੀਓ ਨੂੰ 2.95 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ। ਇਹ ਸੂਚੀਬੱਧ ਹੋਣ ਤੋਂ ਬਾਅਦ ਗਿਰਾਵਟ 'ਚ ਹਨ। ਪਰ ਪਿਛਲੇ ਕੁਝ ਦਿਨਾਂ 'ਚ ਇਸ 'ਚ ਸੁਧਾਰ ਹੋਇਆ ਹੈ। ਵੀਰਵਾਰ ਨੂੰ ਬੰਦ ਹੋਏ ਕਾਰੋਬਾਰੀ ਸੈਸ਼ਨ 'ਚ ਸ਼ੇਅਰ 903 ਰੁਪਏ ਦੇ ਪੱਧਰ 'ਤੇ ਬੰਦ ਹੋਇਆ। ਸ਼ੇਅਰ ਵੀਰਵਾਰ ਸਵੇਰੇ 915.80 ਰੁਪਏ 'ਤੇ ਖੁੱਲ੍ਹਿਆ ਅਤੇ ਇੰਟਰਾਡੇ ਦੌਰਾਨ 923 ਰੁਪਏ ਦੇ ਉੱਚ ਪੱਧਰ 'ਤੇ ਵਪਾਰ ਕੀਤਾ। ਸ਼ੇਅਰ ਦਾ 52 ਹਫਤੇ ਦਾ ਉੱਚ ਪੱਧਰ 950 ਰੁਪਏ ਅਤੇ ਹੇਠਲੇ ਪੱਧਰ 530 ਰੁਪਏ ਹੈ।
-