ਪਰਵਾਸੀ ਨੇ ਬਜ਼ੁਰਗ ਨਾਲ ਮਾਰੀ ਲੱਖਾਂ ਦੀ ਠੱਗੀ, ਸੋਨੇ ਦੀਆਂ ਨਕਲੀ ਮੋਹਰਾਂ ਦੇ ਕੇ ਹੋਏ ਫਰਾਰ
ਚੰਡੀਗੜ੍ਹ: ਬਜ਼ੁਰਗਾਂ ਨਾਲ ਠੱਗੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਮੁਕੇਰੀਆਂ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਉੜਮੁੜ ਟਾਂਡਾ ਵਿੱਚ ਇੱਕ ਬਜ਼ੁਰਗ ਨਾਲ ਪਰਵਾਸੀ ਜੋੜੇ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਬਜ਼ੁਰਗ ਨਾਲ 4.20 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ, ਜਿਸ ਪਿੱਛੋਂ ਪੁਲਿਸ ਵੀ ਹੱਥ ਖੜੇ ਕਰਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਬਜ਼ੁਰਗ ਰਣਜੀਤ ਸਿੰਘ ਉੜਮੁੜ ਟਾਂਡਾ ਦਾ ਰਹਿਣ ਵਾਲਾ ਹੈ ਅਤੇ ਲੱਕੜ ਦੀ ਟਾਲ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਇੱਕ ਪਰਵਾਸੀ ਮਜ਼ਦੂਰ ਰੋਜ਼ਾਨਾ ਉਸ ਕੋਲੋਂ ਬਾਲਣ ਲਈ ਲੱਕੜਾਂ ਲੈ ਕੇ ਜਾਂਦਾ ਸੀ, ਜਿਸ ਨੇ ਆਪਣੇ ਬਾਰੇ ਦੱਸਿਆ ਹੋਇਆ ਸੀ ਕਿ ਉਹ ਮੋਹਨ ਭਾਗਵਤ ਹੈ ਅਤੇ ਕੋਠੀਆਂ 'ਚ ਟਾਈਲਾਂ ਲਗਾਉਣ ਦੇ ਠੇਕੇ ਲੈਂਦਾ ਹੈ।
ਬਜ਼ੁਰਗ ਨੇ ਦੱਸਿਆ ਬੀਤੇ ਦਿਨ ਉਹੀ ਪਰਵਾਸੀ ਉਸ ਕੋਲ ਸੋਨੇ ਦੇ ਸਿੱਕਿਆਂ ਦਾ ਬੈਗ ਲੈ ਕੇ ਆਇਆ ਅਤੇ ਦੱਸਿਆ ਉਸ ਨੂੰ ਕਿਸੇ ਅਣਪਛਾਤੀ ਥਾਂ ਤੋਂ ਇਹ ਮਿਲੇ ਹਨ। ਪਰਵਾਸੀ ਨੇ ਆਪਣੇ ਪੰਜਾਬ ਤੋਂ ਬਾਹਰਲਾ ਹੋਣ ਦਾ ਕਹਿ ਕਿ ਇੱਕ ਸਿੱਕਾ ਬਜ਼ੁਰਗ ਨੂੰ ਦਿੱਤਾ, ਜਿਸ 'ਤੇ ਸਿੱਕਾ ਸੁਨਿਆਰੇ ਤੋਂ ਚੈਕ ਕਰਵਾਇਆ ਗਿਆ ਤਾਂ ਇਹ ਅਸਲੀ ਨਿਕਲਿਆ। ਸੁਨਿਆਰੇ ਨੇ ਸੋਨੇ ਦੇ ਇਸ ਸਿੱਕੇ ਦੀ ਕੀਮਤ 8 ਹਜ਼ਾਰ ਰੁਪਏ ਦੱਸੀ।
ਉਪਰੰਤ ਬਜ਼ੁਰਗ ਨਾਲ ਪਰਵਾਸੀ ਨੇ ਡੀਲ ਕਰਦੇ ਹੋਏ 2 ਹਜ਼ਾਰ ਦੇ ਸਿੱਕਿਆਂ ਵਾਲਾ ਬੈਗ ਦੇ ਦਿੱਤਾ ਅਤੇ ਉਸ ਕੋਲੋਂ 4 ਲੱਖ 20 ਹਜ਼ਾਰ ਰੁਪਏ ਦੀ ਨਕਲੀ ਲੈ ਗਿਆ। ਪਰ ਜਦੋਂ ਬਜ਼ੁਰਗ ਇਹ ਬੈਗ ਲੈ ਕੇ ਮੁੜ ਸੁਨਿਆਰੇ ਦੀ ਦੁਕਾਨ 'ਤੇ ਵੇਚਣ ਗਿਆ ਤਾਂ ਸਾਰੇ ਸਿੱਕੇ ਨਕਲੀ ਪਾਏ ਗਏ।
ਬਜ਼ੁਰਗ ਨੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ, ਪਰ ਬਜ਼ੁਰਗ ਦਾ ਦਾਅਵਾ ਹੈ ਕਿ ਪੁਲਿਸ ਉਸ ਕੋਈ ਗੱਲ ਨਹੀਂ ਸੁਣ ਰਹੀ।
ਜ਼ਿਕਰਯੋਗ ਹੈ ਕਿ ਲੰਘੇ ਦਿਨੀ ਮੁਕੇਰੀਆਂ 'ਚ ਸਟੇਟ ਬੈਂਕ ਆਫ ਇੰਡੰੀਆ ਦੀ ਬਰਾਂਚ ਵਿੱਚ ਵੀ ਇੱਕ ਬਜ਼ੁਰਗ ਨਾਲ 50 ਹਜ਼ਾਰ ਰੁਪਏ ਦੀ ਠੱਗੀ ਵੱਜੀ ਸੀ।
-