ਨਸ਼ਾ ਮੁਕਤ ਨਾਲ ਜਲੰਧਰ ਜ਼ਿਲ੍ਹੇ ਦੇ ਪਿੰਡ ਬਣਿਆ ਮਿਸਾਲ
ਜਲੰਧਰ : ਪੰਜਾਬ ਵਿੱਚ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇਹ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਨਸ਼ੇ ਕਾਰਨ ਪੰਜਾਬ ਦੇ ਨੌਜਵਾਨ ਰੋਜ਼ਾਨਾ ਹੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਹਾਲਾਤ ਇਹ ਹੋ ਚੁੱਕੇ ਨੇ ਤੇ ਪੁਲਿਸ ਵੱਲੋਂ ਕਈ ਪਿੰਡਾਂ ਵਿੱਚ ਚਾਰੇ ਪਾਸਿਓਂ ਘੇਰ ਕੇ ਉਥੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਕਿ ਨਸ਼ੇ ਨੂੰ ਠੱਲ੍ਹ ਪਾਈ ਜਾ ਸਕੇ ਪਰ ਇਸ ਦੇ ਦੂਸਰੇ ਪਾਸੇ ਪੰਜਾਬ ਵਿੱਚ ਕਈ ਪਿੰਡ ਐਸੇ ਵੀ ਹਨ ਜਿਨ੍ਹਾਂ ਦਾ ਇਕ ਵੀ ਨੌਜਵਾਨ ਜਾਂ ਬਜ਼ੁਰਗ ਨਸ਼ਾ ਨਹੀਂ ਕਰਦਾ। ਜਲੰਧਰ ਜ਼ਿਲ੍ਹੇ ਦੇ ਬਲਾਕ ਭੋਗਪੁਰ ਵਿਚ ਸਥਿਤ ਰਾਣੀ ਭੱਟੀ ਪਿੰਡ। ਇਹ ਪਿੰਡ ਪੂਰੇ ਪੰਜਾਬ ਲਈ ਮਿਸਾਲ ਬਣਿਆ ਹੋਇਆ ਹੈ।
ਪਿੰਡ ਦਾ ਹਰ ਨੌਜਵਾਨ ਕਰਦਾ ਹੈ ਕੋਈ ਨਾ ਕੋਈ ਕੰਮ
ਜਲੰਧਰ ਦੇ ਭੋਗਪੁਰ ਬਲਾਕ ਦਾ ਪਿੰਡ ਰਾਣੀ ਭੱਟੀ ਇਲਾਕੇ ਦਾ ਇਕ ਅਜਿਹਾ ਪਿੰਡ ਹੈ ਜਿਸ ਦੀ ਆਬਾਦੀ ਕੁੱਲ 1200 ਦੇ ਕਰੀਬ ਹੈ ਤੇ ਇਸ ਪਿੰਡ ਵਿੱਚ 500 ਦੇ ਕਰੀਬ ਵੋਟਰ ਹਨ। ਇਸ ਪਿੰਡ ਦੀ ਕਰੀਬ 10 ਫ਼ੀਸਦ ਆਬਾਦੀ ਵਿਦੇਸ਼ ਵਿੱਚ ਜਾ ਕੇ ਸੈਟਲ ਹੋ ਗਈ ਹੈ। ਪਿੰਡ ਵਿੱਚ ਰਹਿਣ ਵਾਲਾ ਹਰ ਨੌਜਵਾਨ ਕੋਈ ਨਾ ਕੋਈ ਕੰਮ ਕਰਦਾ ਹੈ। ਇਕ ਪਾਸੇ ਜਿਥੇ ਲੋਕ ਕਾਸ਼ਤਕਾਰੀ ਦਾ ਕੰਮ ਕਰਦੇ ਹਨ ਉਸ ਦੇ ਨਾਲ ਹੀ ਪ੍ਰਾਈਵੇਟ ਨੌਕਰੀਆਂ ਵੀ ਕਰਦੇ ਹਨ। ਪਿੰਡ ਅੰਦਰ ਕੁਝ ਹੀ ਘਰ ਜ਼ਿਮੀਂਦਾਰਾਂ ਦੇ ਹਨ ਜੋ ਉਨ੍ਹਾਂ ਸਿਰਫ ਆਪਣੀ ਜ਼ਮੀਨ ਉਤੇ ਖੇਤੀ ਕਰਦੇ ਹਨ। ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਬਾਹਰੋਂ ਨਹੀਂ ਸਗੋਂ ਪਿੰਡ ਦੇ ਅੰਦਰੋਂ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ ਹਨ। ਇਹੀ ਕਾਰਨ ਹੈ ਕਿ ਪਿੰਡ ਦਾ ਇੱਕਾ ਦੁੱਕਾ ਨੌਜਵਾਨ ਛੱਡ ਕੇ ਹਰ ਕਿਸੇ ਕੋਲ ਕੋਈ ਨਾ ਕੋਈ ਰੁਜ਼ਗਾਰ ਹੈ। ਕਿਸਾਨ ਦੱਸਦੇ ਹਨ ਕਿ ਉਨ੍ਹਾਂ ਦੇ ਖੇਤਾਂ ਵਿੱਚ ਉਨ੍ਹਾਂ ਦੇ ਹੀ ਪਿੰਡ ਦੇ ਹੀ ਨੌਜਵਾਨ ਕੰਮ ਕਰਦੇ ਹਨ।
ਪਿੰਡ 'ਚ ਨਹੀਂ ਕੋਈ ਜਾਤ ਪਾਤ ਦਾ ਭੇਦਭਾਵ
ਜਲੰਧਰ ਦੇ ਇਸ ਪਿੰਡ ਦੀ ਕੁੱਲ ਆਬਾਦੀ ਕਰੀਬ 1200 ਹੈ ਅਤੇ ਇਸ ਵਿੱਚੋਂ 92 ਫ਼ੀਸਦੀ ਆਬਾਦੀ ਸਿਰਫ਼ ਐਸਸੀ ਭਾਈਚਾਰੇ ਦੀ ਹੈ। ਪਿੰਡ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਐਸਸੀ ਲੋਕਾਂ ਦੇ ਹੋਣ ਦੇ ਬਾਵਜੂਦ ਪਿੰਡ ਵਿੱਚ ਜਾਤ ਪਾਤ ਦਾ ਕੋਈ ਵੀ ਭੇਦਭਾਵ ਨਹੀਂ ਹੈ ਤੇ ਸਾਰਾ ਪਿੰਡ ਇੱਕ ਦੂਜੇ ਨਾਲ ਮਿਲ ਕੇ ਰਹਿੰਦਾ ਹੈ। ਇੱਥੇ ਤੱਕ ਕੇ ਪਿੰਡ ਵਿੱਚ ਹਰ ਧਾਰਮਿਕ ਪ੍ਰੋਗਰਾਮ ਜਾਂ ਫਿਰ ਕਿਸੇ ਦੇ ਘਰ ਕਿਸੇ ਸੁੱਖ ਦੁੱਖ ਦੇ ਸਾਰਾ ਪਿੰਡ ਇੱਕ ਦੂਜੇ ਨਾਲ ਖੜ੍ਹਾ ਹੁੰਦਾ ਹੈ। ਪਿੰਡ ਦੇ ਸਰਪੰਚ ਮੁਕੇਸ਼ ਚੰਦਰ ਮੁਤਾਬਕ ਉਨ੍ਹਾਂ ਦੇ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਤੀਵਾਦ ਜਾਂ ਭੇਦਭਾਵ ਨਹੀਂ ਹੈ।
ਪਿੰਡ 'ਚ ਇਕ ਵੀ ਨੌਜਵਾਨ ਨਸ਼ੇ ਦਾ ਆਦੀ ਨਹੀਂ
ਪਿੰਡ ਦੇ ਸਰਪੰਚ ਮੁਕੇਸ਼ ਚੰਦਰ ਦੇ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ ਇਕ ਵੀ ਨੌਜਵਾਨ ਅਦਿਹਾ ਨਹੀਂ ਹੈ ਜੋ ਨਸ਼ਾ ਕਰਦਾ ਹੋਵੇ। ਜੇ ਕਿਸੇ ਬਾਰੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਤਾਂ ਉਸੇ ਵੇਲੇ ਪੂਰੀ ਪੰਚਾਇਤ ਇਸ ਨੂੰ ਸਮਝਾ ਬੁਝਾ ਕੇ ਨਸ਼ੇ ਦੀ ਲੱਤ ਦੂਰ ਕਰ ਦਿੰਦੇ ਹਨ। ਉਨ੍ਹਾਂ ਮੁਤਾਬਿਕ ਪਿੰਡ ਦੇ ਹਰ ਨੌਜਵਾਨ ਕੋਲ ਰੁਜ਼ਗਾਰ ਹੈ ਜਿਸ ਕਰਕੇ ਕੋਈ ਵੀ ਨੌਜਵਾਨ ਨਸ਼ੇ ਨਹੀਂ ਕਰਦਾ। ਜੇ ਬਾਹਰੋਂ ਵੀ ਕੋਈ ਨਸ਼ਾ ਕਰਕੇ ਪਿੰਡ ਵਿੱਚ ਆਵੇ ਉਸ ਨੂੰ ਪਹਿਲੇ ਸਮਝਾਇਆ ਜਾਂਦਾ ਹੈ। ਫਿਰ ਵੀ ਨਾਸਮਝੇ ਤਾਂ ਉਸ ਖਿਲਾਫ਼ ਐਕਸ਼ਨ ਵੀ ਲਿਆ ਜਾਂਦਾ ਹੈ। ਇੱਥੇ ਤਾਂ ਕਿ ਪਿੰਡ ਦੇ ਨੌਜਵਾਨ ਹੀ ਉਸ ਨੂੰ ਆਪਣੇ ਤੌਰ ਉਤੇ ਸਮਝਾ ਦਿੰਦੇ ਹਨ। ਇੱਥੇ ਤੱਕ ਕੇ ਪਿਛਲੇ ਚਾਰ ਸਾਲ ਤੋਂ ਇਸ ਪਿੰਡ ਦੇ ਕਿਸੇ ਵੀ ਵਿਅਕਤੀ ਜਾਂ ਨੌਜਵਾਨ ਉਤੇ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ। ਪਿੰਡ ਦੇ ਸਰਪੰਚ ਮੁਕੇਸ਼ ਚੰਦਰ ਦੇ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਪਿੰਡਾਂ ਵਿੱਚ ਇੱਕਾ ਦੁੱਕਾ ਲੋਕਾਂ ਦੀ ਲੜਾਈ ਹੋਈ ਹੈ ਜਿਸ ਨੂੰ ਪਿੰਡ ਵਿੱਚ ਹੀ ਬੈਠ ਕੇ ਹੱਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਏਅਰਸ਼ੋਅ ਦੌਰਾਨ ਭਿਆਨਕ ਹਾਦਸਾ ਵਪਾਰਿਆ, ਹਵਾ 'ਚ ਟਕਰਾਏ ਦੋ ਜਹਾਜ਼
ਸਮਾਂ ਬਿਤਾਉਣ ਲਈ ਪਿੰਡ ਦੇ ਲੋਕਾਂ ਦਾ ਵੱਖਰਾ ਢੰਗ
ਇਕ ਪਾਸੇ ਜਿਥੇ ਪਿੰਡ ਦੇ ਬਜ਼ੁਰਗ ਤੇ ਹੋਰ ਵਿਅਕਤੀ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਪਿੰਡ ਦੇ ਲਾਗੇ ਬਣੀ ਸੱਥ ਵਿੱਚ ਇਕੱਠੇ ਹੋ ਕੇ ਆਪਸ ਵਿੱਚ ਗੱਲਬਾਤ ਕਰਦੇ ਅਤੇ ਕਈ ਮੁੱਦਿਆਂ ਉਤੇ ਆਪਣੀ ਰਾਏ ਦਿੰਦੇ ਹਨ। ਉਧਰ ਦੂਸਰੇ ਪਾਸੇ ਪਿੰਡ ਦੇ ਨੌਜਵਾਨ ਆਪਣੇ ਵਿਹਲੇ ਸਮੇਂ ਵਿੱਚ ਪਿੰਡ ਵਿੱਚ ਹੀ ਪੰਚਾਇਤ ਵੱਲੋਂ ਬਣਾਏ ਗਏ ਜਿਮ ਵਿਚ ਕਸਰਤ ਕਰਦੇ ਹਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਉਹ ਲਗਾਤਾਰ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੇ ਖਿਲਾਫ਼ ਸਮਝਾਉਂਦੇ ਰਹਿੰਦੇ ਹਨ ਤਾਂ ਕਿ ਕੋਈ ਵੀ ਬੱਚਾ ਜਾਂ ਪਰਿਵਾਰ ਨਸ਼ੇ ਦੀ ਦਲਦਲ ਵਿੱਚ ਨਾ ਫਸੇ।
- PTC NEWS