Ajnala News : ਦੋ ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਮੌਤ, ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਲਾਏ ਇਲਜ਼ਾਮ
Ajnala News : ਅਜਨਾਲਾ ਦੇ ਪਿੰਡ ਦਿਆਲ ਭੱਟੀ ਵਿਖੇ ਸਹੁਰਿਆਂ 'ਤੇ ਇੱਕ 26 ਸਾਲਾ ਨਵ-ਵਿਆਹੁਤਾ ਨੂੰ ਫਾਹਾ ਦੇ ਕੇ ਮਾਰਨ ਦੇ ਇਲਜ਼ਾਮ ਲੱਗੇ ਹਨ।ਜਾਣਕਾਰੀ ਅਨੁਸਾਰ ਮ੍ਰਿਤਕਾ ਰਮਨਦੀਪ ਕੌਰ ਦਾ ਵਿਆਹ ਮਨਮੋਹਨ ਸਿੰਘ ਨਾਮ ਦੇ ਮੁੰਡੇ ਨਾਲ ਹੋਇਆ ਸੀ। ਮਨਮੋਹਨ ਸਿੰਘ ਕੈਨੇਡਾ ਤੋਂ ਆਇਆ ਸੀ ਅਤੇ ਵਿਆਹ ਤੋਂ ਬਾਅਦ ਰਮਨਦੀਪ ਕੌਰ ਦਾ ਉਸ ਦੇ ਸਹੁਰੇ ਪਰਿਵਾਰ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ। ਘਟਨਾ ਵਾਲੇ ਦਿਨ ਸਹੁਰੇ ਪਰਿਵਾਰ ਨੇ ਪੇਕੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਸੀ ਕਿ ਰਮਨਦੀਪ ਨੂੰ ਕੁੱਝ ਹੋ ਗਿਆ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਉਹ ਸਹੁਰੇ ਪਹੁੰਚੇ ਤਾਂ ਕੁੜੀ ਦੀ ਮੌਤ ਹੋ ਗਈ ਸੀ।
ਮ੍ਰਿਤਕ ਲੜਕੀ ਰਮਨਦੀਪ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ 2 ਮਹੀਨੇ ਪਹਿਲਾਂ ਕੁੜੀ ਦਾ ਵਿਆਹ ਹੋਇਆ ਸੀ ਅਤੇ ਜਿਸ ਤੋਂ ਬਾਅਦ ਅਕਸਰ ਹੀ ਉਸ ਦੀ ਨਨਾਣ ਉਸ ਨਾਲ ਲੜਾਈ ਝਗੜਾ ਕਰਦੀ ਸੀ। ਬੀਤੇ ਦਿਨ ਉਨ੍ਹਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਕੁੜੀ ਨੂੰ ਕੁਝ ਹੋ ਗਿਆ ਹੈ, ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਰਮਨਦੀਪ ਦੇ ਗਲੇ 'ਤੇ ਨਿਸ਼ਾਨ ਸੀ ਅਤੇ ਜਵਾਈ ਮਨਮੋਹਨ ਸਿੰਘ ਨੇ ਕਿਹਾ ਕਿ ਹਾਂ ਉਸ ਨੇ ਹੀ ਆਪਣੀ ਪਤਨੀ ਨੂੰ ਮਾਰਿਆ ਹੈ। ਉਪਰੰਤ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ।
ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਪਤੀ ਮਨਮੋਹਨ ਸਿੰਘ, ਕੁੜੀ ਦੀ ਸੱਸ ਅਤੇ ਨਨਾਣ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
- PTC NEWS