ਰਾਖੀ ਗੁਪਤਾ ਭੰਡਾਰੀ ਨੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
ਚੰਡੀਗੜ੍ਹ : ਕਈ ਐਵਾਰਡ ਹਾਸਲ 1997 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ਼ਿਆ। ਰਾਖੀ ਗੁਪਤਾ ਭੰਡਾਰੀ ਨੇ ਅੱਜ ਸਵੇਰੇ ਪੰਜਾਬ ਰਾਜ ਭਵਨ ਵਿਖੇ ਆਪਣੇ ਅਹੁਦੇ ਦਾ ਚਾਰਜ ਲਿਆ। ਪ੍ਰਸ਼ਾਸਨਿਕ ਹੁਨਰ, ਲੀਡਰਸ਼ਿਪ ਗੁਣਵੱਤਾ ਅਤੇ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਸ਼ੰਸਾਯੋਗ ਕੰਮ ਲਈ ਰਾਣੀ ਰੁਦਰਮਾ ਦੇਵੀ ਪੁਰਸਕਾਰ ਦੀ ਸ਼੍ਰੇਣੀ ਤਹਿਤ 2011 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਤੋਂ ਵੱਕਾਰੀ ਪੁਰਸਕਾਰ ਪ੍ਰਾਪਤ ਰਾਖੀ ਗੁਪਤਾ ਭੰਡਾਰੀ ਕੋਲ ਵਿਆਪਕ ਪ੍ਰਸ਼ਾਸਨਿਕ ਤਜਰਬਾ ਹੈ।
ਗ੍ਰਹਿ ਮੰਤਰਾਲੇ 'ਚ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਰਾਖੀ ਗੁਪਤਾ ਭੰਡਾਰੀ ਨੇ ਜਲ ਸਰੋਤ ਮੰਤਰਾਲੇ, ਨਦੀ ਵਿਕਾਸ ਅਤੇ ਗੰਗਾ ਦੀ ਸੁਰਜੀਤੀ, ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਮੰਤਰਾਲੇ, ਬਿਜਲੀ ਮੰਤਰਾਲੇ ਅਤੇ ਕੱਪੜਾ ਮੰਤਰਾਲਾ, ਨਿਫਟ ਦੇ ਡਾਇਰੈਕਟਰ ਵਰਗੇ ਪ੍ਰਮੁੱਖ ਅਹੁਦਿਆਂ ਉਤੇ ਸੇਵਾ ਨਿਭਾਈ। ਉਨ੍ਹਾਂ ਨੂੰ 2001 'ਚ ਮਰਦਮਸ਼ੁਮਾਰੀ ਦੇ ਕੰਮ ਲਈ ਭਾਰਤ ਦੇ ਰਾਸ਼ਟਰਪਤੀ ਨੇ ਸਿਲਵਰ ਮੈਡਲ ਨਾਲ ਵੀ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਅਬਜ਼ਰਵਰ ਵਜੋਂ ਭੂਟਾਨ ਵਿੱਚ ਪਹਿਲੀਆਂ ਸੰਸਦੀ ਚੋਣਾਂ ਦੀ ਨਿਗਰਾਨੀ ਕਰਨ ਲਈ ਵੀ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜਿਮ ਤੇ ਹੈਲਥ ਕਲੱਬਾਂ 'ਚ ਦਿੱਤੇ ਜਾਂਦੇ ਸਪਲੀਮੈਂਟਸ 'ਤੇ HC ਸਖ਼ਤ, ਪੰਜਾਬ ਸਰਕਾਰ ਤੋਂ ਜਾਂਚ ਰਿਪੋਰਟ ਤਲਬ
ਲੇਡੀ ਸ਼੍ਰੀ ਰਾਮ ਕਾਲਜ ਨਵੀਂ ਦਿੱਲੀ ਤੋਂ ਗਰੈਜੁਏਟ ਰਾਖੀ ਗੁਪਤਾ ਭੰਡਾਰੀ ਨੂੰ 2015 ਵਿੱਚ ਜਿਨੀਵਾ ਵਿੱਚ 29ਵੀਂ ਅਤੇ 30ਵੀਂ ਸਾਲਾਨਾ ਮਨੁੱਖੀ ਅਧਿਕਾਰ ਕੌਂਸਲ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਵੀ ਹਾਸਲ ਹੋਇਆ ਸੀ। ਉਨ੍ਹਾਂ ਨੇ ਕਤਰ, ਪਾਕਿਸਤਾਨ, ਚੀਨ, ਸੀਰੀਆ ਅਤੇ ਦੁਬਈ 'ਚ ਅੰਤਰਰਾਸ਼ਟਰੀ ਪ੍ਰਤੀਨਿਧ ਮੰਡਲਾਂ 'ਚ ਵੀ ਮੈਂਬਰ ਵਜੋਂ ਹਿੱਸਾ ਲਿਆ। ਦਿੱਲੀ ਸਕੂਲ ਆਫ ਇਕਨਾਮਿਕਸ ਤੋਂ ਪੋਸਟ ਗ੍ਰੈਜੂਏਟ ਅਤੇ ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.), ਨਵੀਂ ਦਿੱਲੀ/ਮਦਰਾਸ ਯੂਨੀਵਰਸਿਟੀ ਤੋਂ ਡਿਫੈਂਸ ਅਤੇ ਸਟਰੈਟਜਿਕ ਸਟੱਡੀਜ਼ ਵਿੱਚ ਐਮ. ਫਿਲ ਰਾਖੀ ਗੁਪਤਾ ਭੰਡਾਰੀ ਇਕ ਵਧੀਆ ਲੇਖਕ ਤੇ ਗਾਇਕ ਵੀ ਹਨ। ਉਨ੍ਹਾਂ ਕਈ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਤੇ ਪ੍ਰਮੁੱਖ ਅਖਬਾਰਾਂ ਤੇ ਰਸਾਲਿਆਂ 'ਚ ਲੇਖ ਤੇ ਕਵਿਤਾਵਾਂ ਵੀ ਪ੍ਰਕਾਸ਼ਿਤ ਕਰਵਾਈਆਂ ਹਨ।
- PTC NEWS