Rajpura News : ਪੁੱਤ ਦੀ ਕਰਤੂਤ, ਮਾਂ ਨੂੰ 'ਤਾਲਿਬਾਨੀ' ਸਜ਼ਾ! ਪੁਲਿਸ ਨੇ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Rajpura Viral News : ਰਾਜਪੁਰਾ ਦੇ ਪਿੰਡ ਜੰਸੂਆਂ 'ਚ ਕੁੱਝ ਲੋਕਾਂ ਵੱਲੋਂ ਇੱਕ ਔਰਤ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਸਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਥੇ ਇੱਕ 20 ਸਾਲਾ ਮੁੰਡੇ ਵੱਲੋਂ ਆਪਣੇ ਗੁਆਂਢ 'ਚ ਰਹਿੰਦੀ ਇੱਕ ਔਰਤ ਨਾਲ ਪ੍ਰੇਮ ਪ੍ਰਸੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਪਿੱਛੋਂ ਔਰਤ ਨੂੰ ਖੰਭੇ ਨਾਲ ਬੰਨ੍ਹੇ ਜਾਣ ਦੀ ਘਟਨਾ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਗੁੱਸੇ 'ਚ ਆਏ ਭੱਜੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਮਾਂ ਦੀ ਕੁੱਟਮਾਰ ਕੀਤੀ ਅਤੇ ਕਰੀਬ 4.5 ਘੰਟੇ ਤੱਕ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਰੱਖਿਆ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਉਸ ਨੂੰ ਬਚਾਇਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ। ਸ਼ਨੀਵਾਰ ਨੂੰ ਪੀੜਤ ਔਰਤ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਏਐਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਜੋ ਜੰਸੂਆਂ ਪਿੰਡ ਦਾ ਮਾਮਲਾ ਵੀਡੀਓ ਵਾਇਰਲ ਹੋਈ ਹੈ, ਉਸ ਵਿੱਚ ਔਰਤ ਦੀ ਕੁੱਟਮਾਰ ਕਰਨ ਵਾਲੇ ਪਿਓ-ਪੁੱਤ ਕਾਬੂ ਕਰ ਲਏ ਹਨ। ਉਨ੍ਹਾਂ ਮਾਮਲੇ ਬਾਰੇ ਦੱਸਿਆ ਕਿ ਗੁਆਂਢੀਆਂ ਦਾ ਹੀ ਮੁੰਡਾ, ਔਰਤ ਦੀ ਕੁੱਟਮਾਰ ਕਰਨ ਵਾਲੇ ਪਰਿਵਾਰ ਵਾਲਿਆਂ ਦੀ ਨੂੰਹ ਨੂੰ ਭਜਾ ਕੇ ਲੈ ਗਿਆ ਸੀ, ਜਿਸ ਤੋਂ ਗੁੱਸੇ ਵਿੱਚ ਆ ਕੇ ਇਹਨਾਂ ਲੋਕਾਂ ਨੇ ਉਸ ਦੀ ਮਾਂ ਦੀ ਕੁੱਟਮਾਰ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੋ ਮੁੰਡਾ, ਔਰਤ ਨੂੰ ਭਜਾ ਕੇ ਲੈ ਗਿਆ ਹੈ, ਉਨ੍ਹਾਂ ਨੂੰ ਛੇਤੀ ਹੀ ਪੁਲਿਸ ਗ੍ਰਿਫ਼ਤਾਰ ਕਰ ਲਵੇਗੀ। ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ 5 ਔਰਤਾਂ ਸਮੇਤ 13 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ।
- PTC NEWS