Punjab Rain News : ਸੰਗਰੂਰ 'ਚ ਤੂਫ਼ਾਨ ਨੇ ਕੀਤਾ ਵੱਡਾ ਨੁਕਸਾਨ , ਲੋਕਾਂ ਦੇ ਘਰਾਂ ਉੱਪਰ ਡਿੱਗਿਆ ਮੋਬਾਇਲ ਟਾਵਰ , ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
Punjab Weather News : ਪੰਜਾਬ 'ਚ ਸ਼ਾਮ ਵੇਲੇ ਤੇਜ਼ ਹਨ੍ਹੇਰੀ ਪਿੱਛੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਣਕ ਦੀ ਖੇਤਾਂ ਵਿਚ ਕਟਾਈ ਲਈ ਤਿਆਰ ਫ਼ਸਲ ਅਤੇ ਮੰਡੀਆਂ ਵਿੱਚ ਕੱਟ ਕੇ ਲਿਆਂਦੀ ਫਸਲ ਮੀਂਹ ਕਾਰਨ ਭਿੱਜ ਗਈ। ਇਸ ਨਾਲ ਖੇਤਾਂ ਵਿਚ ਕਟਾਈ ਦੇ ਕੰਮ 'ਚ ਖੜੋਤ ਆਵੇਗੀ ਤੇ ਮੰਡੀਆਂ ਵਿਚ ਪਈ ਫ਼ਸਲ ਮੀਂਹ ਨਾਲ ਭਿੱਜਣ ਕਾਰਨ ਵਿਕਰੀ ਵਿਚ ਵੀ ਮੁਸ਼ਕਿਲ ਆਵੇਗੀ। ਜੋ ਕਣਕ ਦੀ ਕਟਾਈ ਹੋ ਗਈ ਹੈ ,ਉਸ ਦਾ ਨਾੜ ਖਰਾਬ ਹੋ ਜਾਣ ਕਾਰਨ ਤੁੜੀ ਕਰਨ ਵਿਚ ਮੁਸ਼ਕਿਲ ਆਵੇਗੀ। ਜਿਸ ਕਰਕੇ ਕਿਸਾਨ ਪਰੇਸ਼ਾਨ ਹਨ। ਕਿਸਾਨਾਂ ਨੇ ਕਿਹਾ ਕਿ ਬਰਸਾਤ ਨਾਲ ਉਹਨਾਂ ਦੀ ਫਸਲ ਪ੍ਰਭਾਵਿਤ ਹੋਵੇਗੀ।
ਸੰਗਰੂਰ ਵਿੱਚ ਤੇਜ਼ ਹਵਾਵਾਂ ਦੇ ਕਾਰਨ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਜਿੱਥੇ ਟਾਵਰ ਟੁੱਟੇ ,ਓਥੇ ਹੀ ਇੱਕ ਚਲਦੀ ਕਾਰ ਦੇ ਉੱਤੇ ਦਰਖਤ ਵੀ ਡਿੱਗ ਗਿਆ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਵਿੱਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਭਵਾਨੀਗੜ੍ਹ ਵਿੱਚ ਮੋਬਾਇਲ ਟਾਵਰ ਲੋਕਾਂ ਦੇ ਘਰਾਂ ਉੱਪਰ ਡਿੱਗਿਆ ਹੈ। ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ ਅਤੇ ਕਈ ਸਾਲਾ ਬਾਅਦ ਕਣਕ ਦੇ ਸੀਜ਼ਨ ਸਮੇਂ ਮੌਸਮ ਦੀ ਵੱਡੀ ਮਾਰ ਪਈ ਹੈ।
ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਲਈ ਮੌਸਮ ਸੰਬੰਧੀ ਅਲਰਟ ਜਾਰੀ ਕੀਤਾ ਸੀ ,ਜਿਸ ਵਿੱਚ ਅਗਲੇ 48 ਘੰਟਿਆਂ ਦੌਰਾਨ ਗਰਜ, ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਦਿੱਤੀ ਗਈ ਸੀ। ਕਈ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਾਫ਼ੀ ਜ਼ਿਆਦਾ ਦਰਜ ਕੀਤਾ ਗਿਆ ਹੈ। ਅੱਜ ਤੋਂ ਹਰਿਆਣਾ ਵਿੱਚ ਵੀ ਮੌਸਮ ਵਿੱਚ ਕਾਫ਼ੀ ਬਦਲਾਅ ਆਉਣ ਦੀ ਉਮੀਦ ਹੈ।
ਆਈਐਮਡੀ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਲਈ ਓਰੇਂਜ ਅਲਰਟ ਜਾਰੀ ਕੀਤੀ, ਜੋ ਸੰਭਾਵੀ ਗਰਜ ਅਤੇ ਭਾਰੀ ਮੀਂਹ ਦਾ ਸੰਕੇਤ ਹੈ। ਇਸ ਦੇ ਇਲਾਵਾ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ, ਜਿਸ ਵਿੱਚ ਦਰਮਿਆਨੀ ਬਾਰਿਸ਼ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ।
- PTC NEWS