Punjab News : ਮੀਂਹ ਤੇ ਤੇਜ਼ ਹਨ੍ਹੇਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਸੜਕੇ ਸੁਆਹ ,ਇੱਕ ਨੌਜਵਾਨ ਦੀ ਮੌਤ ,ਕਿਸਾਨਾਂ ਵੱਲੋਂ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ
Punjab News : ਪੰਜਾਬ ਦੇ ਕਈ ਇਲਾਕਿਆਂ 'ਚ ਬੀਤੀ ਰਾਤ ਹਲਕੇ ਮੀਂਹ ਦੇ ਨਾਲ ਚੱਲੀ ਤੇਜ਼ ਹਨੇਰੀ ਕਾਰਨ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ। ਹਨੇਰੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 18 ਅਪ੍ਰੈਲ ਤੋਂ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ 18 ਅਤੇ 19 ਅਪ੍ਰੈਲ ਨੂੰ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੁਆਰਾ ਆਉਦੇ ਦਿਨਾਂ ਵਿਚ ਮੀਂਹ ਤੇ ਹਨ੍ਹੇਰੀ ਦੀ ਭਵਿੱਖ ਕਾਰਨ ਕਿਸਾਨਾਂ ਦੀ ਚਿੰਤਾਂ ਵੱਧ ਗਈ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ 'ਚ ਕਿੱਥੇ -ਕਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ
ਸਮਾਣਾ ਦੇ ਪਿੰਡ ਸਸਾ ਗੁਜਰਾਂ ਵਿੱਚ ਬੀਤੀ ਰਾਤ ਆਈ ਹਨੇਰੀ ਨਾਲ ਬਿਜਲੀ ਦੇ ਟ੍ਰਾਂਸਫਰ ਤੋਂ ਚਿੰਗਾਰੀ ਨਿਕਲੀ , ਜੋ ਕਿ ਹਰਿਆਣਾ ਰਾਜ ਦੀ ਹੱਦ ਵਿੱਚ ਪੈਂਦਾ ਸੀ, ਉਸ ਦੇ ਨਾਲ ਪੰਜਾਬ ਪਿੰਡ ਸਸਾ ਗੁਜਰਿਆ ਦੇ ਕਿਸਾਨ ਰੂਲਦੂ ਤੇ ਮੱਖਣ ਰਾਮ ਦੀ 10 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀ ਗੱਡੀ ਸਮਾਣਾ ਤੋਂ ਤੁਰੰਤ ਅੱਧੀ ਰਾਤ ਨੂੰ ਪਹੁੰਚ ਗਈ ਅਤੇ ਉਸਦੇ ਬਾਅਦ ਪਿੰਡ ਵਾਸੀਆਂ ਨੇ ਵੱਲੋਂ ਕੜੀ ਮੁਸੱਕਤ ਦੇ ਬਾਅਦ ਇਸ ਅੱਗ 'ਤੇ ਕਾਬੂ ਪਾਇਆ ਪਰ ਉਸ ਨਾਲ ਕਿਸਾਨਾਂ ਦੀ ਪੱਕੀ ਪਕਾਈ ਕਣਕ ਦੀ ਫਸਲ ਨਸ਼ਟ ਹੋ ਗਈ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਦੇ ਇਲਾਵਾ ਪਿੰਡ ਸਭਰਾ ਵਿਚ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਬੀਤੀ ਰਾਤ ਆਈ ਹਨ੍ਹੇਰੀ ਕਾਰਨ ਬਿਜਲੀ ਵਾਲੀ ਤਾਰ ਟੁੱਟੀ ਸੀ ਅਤੇ ਕਣਕ ਨੂੰ ਅੱਗ ਲੱਗਣ ਦੇ ਖਤਰੇ ਕਰਨ ਨੌਜਵਾਨ ਖੇਤ ਗਿਆ ਸੀ। ਪਰਿਵਾਰ ਨੇ ਕਿਹਾ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ ਹੈ।
ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆ ਮੰਡ 'ਚ ਬੀਤੀ ਰਾਤ ਆਈ ਤੇਜ਼ ਹਨੇਰੀ ਤੇ ਹਲਕੀ ਬਰਸਾਤ ਤੋਂ ਬਾਅਦ ਅਸਮਾਨੀ ਬਿਜਲੀ ਡਿਗਣ ਨਾਲ ਤੂੜੀ ਦੇ 5 ਕੁੱਪਾਂ ਨੂੰ ਵੇਖਦਿਆਂ ਅੱਗ ਲੱਗ ਗਈ ਅਤੇ ਕਣਕ ਦਾ ਮਸਾਂ ਬਚਾਅ ਹੋਇਆ ਹੈ। 3 ਫਾਇਰ ਬਿਗਰੇਡ ਦੀਆਂ ਗੱਡੀਆ ਮੌਕੇ 'ਤੇ ਪੁੱਜੀਆਂ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ।
ਬੀਤੀ ਰਾਤ ਚੱਲੇ ਤੇਜ਼ ਤੂਫ਼ਾਨ ਅਤੇ ਬਾਰਿਸ਼ ਨੇ ਦੁਆਬੇ 'ਚ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ। ਖੇਤਾਂ 'ਚ ਖੜੀ ਕਣਕ ਦੀ ਫਸਲ ਧਰਤੀ 'ਤੇ ਵਿਛ ਗਈ ਹੈ। ਅਜੇ ਤੱਕ ਵਾਢੀ ਬਹੁਤ ਘੱਟ ਸ਼ੁਰੂ ਹੋਈ ਸੀ ਪਰ ਬੀਤੀ ਰਾਤ ਜਿਸ ਤਰ੍ਹਾਂ ਮੌਸਮ ਦੇ ਰੰਗ ਬਦਲਿਆ, ਕਿਸਾਨਾਂ ਦੀ ਤੇਜ਼ ਤੂਫਾਨ ਅਤੇ ਮੀਂਹ ਨੇ ਕਣਕਾਂ ਦਾ ਵੱਡਾ ਨੁਕਸਾਨ ਕੀਤਾ ਹੈ। ਰਾਤ ਆਏ ਤੂਫ਼ਾਨ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਕਿਸਾਨਾਂ ਦਾ ਕਹਿਣਾ ਸੀ ਕਿ ਕਣਕ ਦੀ ਫ਼ਸਲ ਪੱਕਣ ਕਿਨਾਰੇ ਹੈ ਪਰ ਹੁਣ ਮੀਂਹ ਤੇ ਹਨ੍ਹੇਰੀ ਕਾਰਨ ਧਰਤੀ 'ਤੇ ਡਿੱਗੀ ਕਣਕ ਦਾ ਝਾੜ ਕਾਫੀ ਘਟਣ ਦੀ ਸ਼ੰਕਾਂ ਬਣ ਗਈ ਹੈ।
- PTC NEWS