ਜਲੰਧਰ : ਭਾਰਤ ਜੋੜੋ ਯਾਤਰਾ ਖਾਲਸਾ ਕਾਲਜ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਵਿਖੇ ਮੱਥਾ ਟੇਕਿਆ। ਮੰਦਿਰ ਪੁਜਾਰੀ ਨੇ ਰਾਹੁਲ ਗਾਂਧੀ ਨੂੰ ਤਿਲਕ ਲਾਇਆ ਅਤੇ ਅਸ਼ੀਰਵਾਦ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਕਾਰਨ ਭਾਰਤ ਜੋੜੋ ਯਾਤਰਾ ਨੂੰ 24 ਘੰਟੇ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ 3 ਵਜੇ ਦੁਬਾਰਾ ਇਸ ਨੂੰ ਸ਼ੁਰੂ ਕੀਤਾ ਗਿਆ ।ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ ਹੋਏ। ਉਹ ਜਲੰਧਰ ਤੋਂ ਸ਼ੁਰੂ ਹੋਈ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਹੱਥ ਵਿਚ ਹੱਥ ਫੜ ਕੇ ਤੁਰਦੇ ਨਜ਼ਰ ਆਏ। ਇਹ ਯਾਤਰਾ ਆਦਮਪੁਰ ਵਿਚ ਰਾਤ ਲਈ ਠਹਿਰੇਗੀ। ਯਾਦ ਰਹੇ ਕਿ ਬਲਕੌਰ ਸਿੰਘ ਨੇ ਕੁਝ ਸਮਾਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦਾ ਇਨਸਾਫ ਲੈਣ ਲਈ ਰਾਜਨੀਤੀ ਵਿਚ ਸ਼ਾਮਿਲ ਹੋ ਸਕਦੇ ਹਨ। ਰਾਹੁਲ ਗਾਂਧੀ ਨੇ ਫੇਸਬੁੱਕ ਪੇਜ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਅੱਜ ਜਲੰਧਰ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਯਾਤਰਾ ਵਿੱਚ ਸ਼ਾਮਿਲ ਹੋਏ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਉਸ ਵਿੱਚ ਅਦਭੁਤ ਹਿੰਮਤ ਅਤੇ ਸਬਰ ਦੇਖਿਆ। ਉਸ ਦੀਆਂ ਅੱਖਾਂ ਵਿਚ ਆਪਣੇ ਪੁੱਤਰ ਲਈ ਮਾਣ ਅਤੇ ਉਸ ਦੇ ਦਿਲ ਵਿਚ ਅਥਾਹ ਪਿਆਰ ਹੈ। ਮੈਂ ਅਜਿਹੇ ਪਿਤਾ ਨੂੰ ਸਲਾਮ ਕਰਦਾ ਹਾਂ!