Youth Died in Armenia: ਕਰਜ਼ਾ ਚੁੱਕ ਅਰਮੀਨੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਰਿਵਾਰ ਸਣੇ ਪੂਰਾ ਪਿੰਡ ਸੋਗ ’ਚ ਡੁੱਬਿਆ
Youth Died in Armenia: ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਘੋਘਰਾ ਹਾਲਦ ਦਾ ਰਹਿਣ ਵਾਲਾ 23 ਸਾਲਾ ਅਜੈ ਕੁਮਾਰ, ਜੋ ਕਿ ਚਾਰ ਮਹੀਨੇ ਪਹਿਲਾਂ ਹੀ ਆਪਣਾ ਭਵਿੱਖ ਬਣਾਉਣ ਲਈ ਅਰਮੀਨੀਆ ਗਿਆ ਸੀ, ਦੀ ਬੀਮਾਰੀ ਕਾਰਨ ਮੌਤ ਹੋ ਗਈ। ਇਸ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕ ਅਜੈ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਗਰੀਬ ਸੀ ਅਤੇ ਅਜੈ ਹੀ ਉਸਦਾ ਇੱਕੋ ਇੱਕ ਸਹਾਰਾ ਸੀ। ਚਾਰ ਮਹੀਨੇ ਪਹਿਲਾਂ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਕੁਝ ਦਿਨ ਪਹਿਲਾਂ ਜਦੋਂ ਉਹ ਅਜੈ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਬੁਖਾਰ ਹੈ। ਦਿਨ-ਬ-ਦਿਨ ਉਸ ਦੀ ਤਬੀਅਤ ਵਿਗੜਦੀ ਗਈ ਅਤੇ ਕੱਲ੍ਹ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਅਜੈ ਦੀ ਮੌਤ ਹੋ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਅਜੈ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਮੂੰਹ ਆਖਰੀ ਵਾਰ ਦੇਖ ਸਕਣ।
ਕਾਬਿਲੇਗੌਰ ਹੈ ਕਿ ਪੰਜਾਬ ’ਚ ਇਸ ਸਮੇਂ ਜਿਆਦਾਤਰ ਨੌਜਵਾਨਾਂ ਦਾ ਇੱਛਾ ਬਾਹਰ ਜਾਣ ਦੀ ਹੈ ਜਿਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਤੇ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਲੈ ਕੇ ਕਈ ਨੌਜਵਾਨ ਵਿਦੇਸ਼ ਜਾ ਵੀ ਰਹੇ ਹਨ ਪਰ ਇਹ ਸੁਪਨਾ ਕਿਸੇ ਕਿਸੇ ਨੌਜਵਾਨ ਦਾ ਹੀ ਪੂਰਾ ਹੋ ਪਾਉਂਦਾ ਹੈ। ਦੂਜੇ ਪਾਸੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਦੀ CM ਮਾਨ ਨੂੰ ਖੁੱਲ੍ਹੀ ਚੁਣੌਤੀ; ਕਿਹਾ - ਖ਼ੁਦ ਬਣ ਜਾਓ SIT ਦੇ ਮੁਖੀ
- PTC NEWS