Ludhiana News : ਮਨੀਲਾ 'ਚ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ, ਗੁਰਪ੍ਰੀਤ ਸਿੰਘ ਨੇ ਜਨਵਰੀ 'ਚ ਆਉਣਾ ਸੀ ਮਾਪਿਆਂ ਨੂੰ ਮਿਲਣ
Punjabi Youth Died In Manila : ਵਿਦੇਸ਼ ਮਨੀਲਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ ਰੋਟੀ ਕਮਾਉਣ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (26) ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਪਿੰਡ ਬੁਰਜ ਨਕਲੀਆਂ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਨੌਜਵਾਨ 2017 ਵਿੱਚ ਵਿਦੇਸ਼ ਗਿਆ ਸੀ। ਨੌਜਵਾਨ ਦੀ ਮੌਤ ਨਾਲ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਉਸ ਨੇ ਪਰਿਵਾਰ ਨੂੰ ਮਿਲਣ ਭਾਰਤ ਆਉਣਾ ਸੀ, ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ।
ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੈ ਦੱਸਿਆ ਕਿ 19 ਨਵੰਬਰ ਨੂੰ ਗੁਰਪ੍ਰੀਤ ਸਿੰਘ ਦੀ ਅੰਮ੍ਰਿਤਸਰ ਰਹਿੰਦੀ ਮਾਸੀ ਦੇ ਮੁੰਡੇ ਦਾ ਵਿਆਹ ਵੀ ਸੀ ਅਤੇ ਉਸ ਨੇ 4-5 ਘੰਟੇ ਮੋਬਾਈਲ ਰਾਹੀਂ ਲਾਈਵ ਵਿਆਹ ਦਾ ਆਨੰਦ ਵੀ ਮਾਣਿਆ ਸੀ, ਪਰੰਤੂ ਜਦੋਂ ਸ਼ਾਮ ਨੂੰ ਉਨ੍ਹਾਂ ਨੇ ਗੁਰਪ੍ਰੀਤ ਨੂੰ ਫੋਨ ਲਾਇਆ ਤਾਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਉਪਰੰਤ ਜਦੋਂ ਆਸ-ਪਾਸ ਦੇ ਵਿਅਕਤੀਆਂ ਨੂੰ ਫੋਨ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਆਪਣੇ ਕਮਰੇ 'ਚ ਮ੍ਰਿਤਕ ਹਾਲਤ 'ਚ ਮਿਲਿਆ ਹੈ।
ਗੁਰਪ੍ਰੀਤ ਦੇ ਪਿਤਾ ਜਗਰੂਪ ਸਿੰਘ ਤੇ ਮਾਤਾ ਗੁਰਮੀਤ ਸਿੰਘ ਨੇ ਉਸ ਵੱਲੋਂ ਜੂਡੋ-ਕਰਾਟੇ ਵਿਚ ਜਿੱਤੇ ਮੈਡਲ ਦਿਖਾਉਂਦਿਆ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਜੂਡੋ-ਕਰਾਟੇ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਉਹ ਨੈਸ਼ਨਲ ਤੱਕ ਖੇਡਿਆ ਸੀ, ਸਗੋਂ ਉਸ ਦੀ ਖੇਡ ਦੇ ਚਲਦੇ ਉਸ ਨੂੰ ਏਅਰ ਫੋਰਸ ਵਿਚ ਨੌਕਰੀ ਮਿਲਦੀ ਸੀ ਪਰ ਉਹ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ।
ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਖਰੀ ਵਾਰ ਚਿਹਰਾ ਵੇਖ ਸਕਣ।
- PTC NEWS