Punjabi Youth Died In Manila : ਪੰਜਾਬੀ ਨੌਜਵਾਨ ਦੀ ਵਿਦੇਸ਼ ’ਚ ਸੜਕ ਹਾਦਸੇ ’ਚ ਹੋਈ ਮੌਤ, ਬਜ਼ੁਰਗ ਮਾਂ ਦਾ ਸੀ ਇਕਲੌਤਾ ਸਹਾਰਾ
ਬਰਨਾਲਾ ਦੇ ਪਿੰਡ ਮਹਿਲਕਲਾਂ ਦੇ 25 ਸਾਲਾਂ ਜੀਵਨਜੋਤ ਸਿੰਘ ਦੀ ਮਨੀਲਾ ’ਚ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜੀਵਨਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੀ ਮੌਤ ਦੀ ਜਾਣਕਾਰੀ ਹਾਸਿਲ ਹੋਣ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਦੱਸ ਦਈਏ ਕਿ ਨੌਜਵਾਨ ਜੀਵਨਜੋਤ ਰੁਜਗਾਰ ਦੀ ਭਾਲ ਲਈ 2 ਸਾਲ ਪਹਿਲਾਂ ਮਨੀਲਾ ਗਿਆ ਸੀ। ਮਨੀਲਾ ’ਚ ਉਹ ਆਪਣੀ ਮਾਸੀ ਕੋਲ ਗਿਆ ਸੀ। ਉਸਦੇ ਮਾਸੀ ਦੇ ਮੁੰਡੇ ਦੀ ਵੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉੱਥੇ ਹੀ ਦੂਜੇ ਪਾਸੇ ਮ੍ਰਿਤਕ ਦੇ ਪਿਤਾ ਦੀ ਵੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਤਾ ਦਾ ਇਕਲੌਤਾ ਸਹਾਰਾ ਸੀ।
ਇਸ ਮੌਕੇ ਮ੍ਰਿਤਕ ਦੀ ਮਾਂ ਨੇ ਭਾਰੀ ਮਨ ਨਾਲ ਕਿਹਾ ਕਿ ਉਸਦੀ ਆਪਣੇ ਪੁੱਤਰ ਨਾਲ ਆਖਰੀ ਵਾਰ ਬੁੱਧਵਾਰ ਨੂੰ ਗੱਲ ਹੋਈ ਸੀ, ਜਿਸ ਤੋਂ ਬਾਅਦ ਉਸਨੇ ਕਿਹਾ ਸੀ ਕਿ ਉਹ ਸੌਂ ਰਿਹਾ ਹੈ ਅਤੇ ਸਵੇਰੇ ਉਸ ਨਾਲ ਗੱਲ ਕਰੇਗਾ। ਇਸ ਤੋਂ ਬਾਅਦ ਉਸਨੇ ਕਈ ਵਾਰ ਫ਼ੋਨ ਕੀਤਾ, ਪਰ ਉਸਦੇ ਪੁੱਤਰ ਨੇ ਫ਼ੋਨ ਨਹੀਂ ਚੁੱਕਿਆ। ਉਸਨੇ ਦੱਸਿਆ ਕਿ ਜਦੋਂ ਰਿਸ਼ਤੇਦਾਰ ਸਾਡੇ ਘਰ ਆਉਣੇ ਸ਼ੁਰੂ ਹੋਏ ਤਾਂ ਉਸਨੂੰ ਸ਼ੱਕ ਹੋਇਆ ਕਿ ਉਸਦੇ ਪੁੱਤਰ ਨੂੰ ਕੁਝ ਹੋਇਆ ਹੈ ਅਤੇ ਬਾਅਦ ਵਿੱਚ ਉਸਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ। ਉਸਨੇ ਕਿਹਾ ਕਿ ਮਨੀਲਾ ਨੇ ਉਸਦੇ ਪੁੱਤਰ ਨੂੰ ਖਾ ਲਿਆ।
ਇਸ ਮੌਕੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਜੀਵਨਜੋਤ ਸਿੰਘ ਉਸਦਾ ਭਤੀਜਾ ਸੀ। ਉਸਨੇ ਕਿਹਾ ਕਿ ਉਸਨੂੰ ਕੱਲ੍ਹ ਹੀ ਪਤਾ ਲੱਗਾ ਕਿ ਉਸਦੀ ਮੌਤ ਮਨੀਲਾ ਵਿੱਚ ਹੋ ਗਈ ਹੈ। ਉਸੇ ਪਿੰਡ ਦੇ ਵਸਨੀਕ ਅਜਮੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕਾ ਰੁਜ਼ਗਾਰ ਲਈ ਮਨੀਲਾ ਵਿੱਚ ਆਪਣੀ ਮਾਸੀ ਕੋਲ ਗਿਆ ਸੀ। 4 ਮਹੀਨੇ ਪਹਿਲਾਂ ਉਸਦੀ ਮਾਸੀ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਹੁਣ ਇਸ ਕੁੜੀ ਦੀ ਮੌਤ ਨਾਲ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਅਸਮਰੱਥ ਹੈ, ਜਿਸ ਲਈ ਉਹ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕਰਦੇ ਹਨ।
ਇਹ ਵੀ ਪੜ੍ਹੋ : Punjab Weather Update : ਪੰਜਾਬ ’ਚ ਤੇਜ਼ ਹਨੇਰੀ ਤੇ ਮੀਂਹ ਪੈਣ ਨਾਲ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ, ਜਾਣੋ ਮੌਸਮ ਸਬੰਧੀ ਤਾਜ਼ਾ ਅਪਡੇਟ
- PTC NEWS