Garhshankar News : ਪਿੰਡ ਡਾਨਸੀਵਾਲ ਦੇ ਨੌਜਵਾਨ ਨੇ ਰੌਸ਼ਨ ਕੀਤਾ ਮਾਪਿਆਂ ਤੇ ਪੰਜਾਬ ਦਾ ਨਾਮ, ਟੋਰਾਂਟੋ ਪੁਲਿਸ 'ਚ ਹੋਇਆ ਭਰਤੀ
Punjabi youth becomes officer in Toronto police : ਪੰਜਾਬ ਦੇ ਨੌਜਵਾਨਾਂ ਨੇ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਵੱਡੀਆਂ ਬੁਲੰਦੀਆਂ ਹਾਸਿਲ ਕੀਤੀਆਂ ਹਨ, ਜਿਸਦੀ ਮਿਸਾਲ ਗੜ੍ਹਸ਼ੰਕਰ (Garhshankar) ਦੇ ਪਿੰਡ ਡਾਨਸੀਵਾਲ ਦੇ ਚੰਦਨ ਸਵਾਨ ਦੀ ਹੈ, ਜਿਹੜਾ ਕਿ ਟੋਰਾਂਟੋ ਦੀ ਪੁਲਿਸ (Toronto police) ਵਿੱਚ ਪਾਰਕਿੰਗ ਇਨਫੋਰਸਮੈਂਟ ਅਫ਼ਸਰ ਵਜੋਂ ਤਾਇਨਾਤ ਹੋਣ ਦੇ ਨਾਲ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ, ਜਿਸਦੇ ਕਾਰਨ ਅੱਜ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਚੰਦਨ ਸਵਾਨ ਦੇ ਪਿਤਾ ਜਸਵੰਤ ਰਾਏ ਅਤੇ ਮਾਤਾ ਰਾਜ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਮਾਉੰਟ ਕਾਰਮਲ ਸਕੂਲ ਗੜ੍ਹਸ਼ੰਕਰ ਤੋਂ 10 ਵੀਂ ਅਤੇ 11 ਵੀ ਤੇ 12ਵੀਂ ਡੀ. ਏ.ਵੀ. ਹੁਸ਼ਿਆਰਪੁਰ ਤੋਂ ਕੀਤੀ। ਇਸ ਉਪਰੰਤ ਬੀ.ਟੈਕ. ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਬਾਅਦ 2018 ਦੇ ਵਿੱਚ ਆਪਣੇ ਤਾਇਆ ਹਰਬੰਸ ਲਾਲ ਸਵਾਨ ਕੋਲ ਕਨੇਡਾ ਚੱਲ ਗਿਆ, ਜਿੱਥੇ ਉਸਨੇ ਟੋਰਾਂਟੋ ਵਿੱਚ ਪੋਸਟ ਗਰੈਜੂਏਸ਼ਨ ਮੋਬਾਇਲ ਐਪਲੀਕੇਸ਼ਨ ਡਿਜ਼ਾਈਨ ਐਂਡ ਡਿਵੈਲਪਮੈਂਟ ਵਿੱਚ ਕੀਤੀ।
ਉਨ੍ਹਾਂ ਦੱਸਿਆ ਕਿ ਚੰਦਨ ਨੂੰ ਬਚਪਨ ਤੋਂ ਹੀ ਪੁਲਿਸ ਵਿੱਚ ਸੇਵਾ ਕਰਨ ਦਾ ਜਜ਼ਬਾ ਸੀ, ਜਿਸਦੇ ਕਾਰਨ ਉਸਨੇ ਟੋਰਾਂਟੋ ਦੇ ਵਿੱਚ ਪੁਲਿਸ ਸਰਵਿਸ ਦਾ ਟੈਸਟ ਦਿੱਤਾ, ਜਿਸਦੇ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੇ ਗੋਲਡ ਮੈਡਲ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਉਪਰੰਤ ਉਸਨੂੰ ਟੋਰੰਟੋ ਪੁਲਿਸ ਵਿੱਚ ਪਾਰਕਿੰਗ ਇਨਫੋਰਸਮੈਂਟ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਚੰਦਨ ਸਵਾਨ ਦੇ ਪਿਤਾ ਜਸਵੰਤ ਰਾਏ ਸਵਾਨ ਨੇ 1988 ਦੇ ਵਿੱਚ ਗੁਰੂ ਨਾਨਕ ਇੰਜੀਨੀਅਰ ਕਾਲਜ਼ ਲੁਧਿਆਣਾ ਤੋਂ ਸਿਵਿਲ ਇੰਜੀਨੀਅਰ ਕਰਨ ਉਪਰੰਤ ਸੈਂਟਰਲ ਗੌਰਮੈਂਟ ਸਰਵਿਚ ਪੀਐਸਯੂ ਤੋਂ 2024 ਦੇ ਵਿੱਚ ਰਿਟਾਇਰਡ ਹੋਏ ਸਨ। ਚੰਦਨ ਸਵਾਨ ਦੀ ਟੋਰਾਂਟੋ ਦੇ ਵਿੱਚ ਪੁਲਿਸ ਅਫ਼ਸਰ ਬਣਨ ਦੇ ਨਾਲ ਇਲਾਕੇ ਦੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਜਸਵੰਤ ਰਾਏ ਸਵਾਨ, ਰਾਜ ਰਾਣੀ, ਗੁਬਖਸ਼ ਕੌਰ, ਜਸਵੀਰ ਲਾਲ, ਬਖਸ਼ੀਸ਼ ਕੌਰ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
- PTC NEWS