Ranjit Bawa : ਹਿਮਾਚਲ 'ਚ ਸ਼ੋਅ ਰੱਦ ਹੋਣ 'ਤੇ ਭੜਕੇ ਪੰਜਾਬੀ ਗਾਇਕ ਰਣਜੀਤ ਬਾਵਾ, ਵਿਰੋਧੀਆਂ ਨੂੰ ਦਿੱਤਾ ਕਰਾਰ ਜਵਾਬ
Ranjit Bawa Show in Himachal Cancel : ਪੰਜਾਬੀ ਗਾਇਕ ਰਣਜੀਤ ਬਾਵਾ ਦਾ ਹਿਮਾਚਲ ਪ੍ਰਦੇਸ਼ ਵਿੱਚ ਅੱਜ 15 ਦਸੰਬਰ ਨੂੰ ਹੋਣ ਵਾਲਾ ਸ਼ੋਅ ਰੱਦ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬੀ ਗਾਇਕ ਦਾ ਇਹ ਸ਼ੋਅ, ਹਿੰਦੂ ਜਥੇਬੰਦੀਆਂ ਦੇ ਵਿਰੋਧ ਰੱਦ ਕੀਤਾ ਗਿਆ ਹੈ, ਜਿਸ 'ਤੇ ਹੁਣ ਰਣਜੀਤ ਬਾਵਾ ਨੇ ਵੀ ਸਖਤ ਇਤਰਾਜ਼ ਪ੍ਰਗਟਾਇਆ ਹੈ। ਗਾਇਕ ਨੇ ਆਪਣਾ ਸ਼ੋਅ ਰੱਦ ਹੋਣ 'ਤੇ ਵਿਰੋਧੀਆਂ ਨੂੰ ਪੋਸਟ ਰਾਹੀਂ ਕਰਾਰ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਨੇ ਨਫਰਤ ਫੈਲਾ ਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਹਿੰਦੂ-ਸਿੱਖ ਦਾ ਮੁੱਦਾ ਬਣਾ ਲਓ।
ਦੱਸ ਦਈਏ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਇੱਕ ਬਹੁਤ ਹੀ ਚੰਗੇ ਅਤੇ ਨਰਮ ਸੁਭਾਅ ਦੇ ਮਾਲਕ ਹਨ ਅਤੇ ਇਨ੍ਹਾਂ ਦੇ ਗੀਤ ਵਿੱਚ ਅਜਿਹੀ ਕੋਈ ਗੱਲ ਨਹੀਂ ਹੁੰਦੀ ਕਿ ਕਿਸੇ ਨੂੰ ਠੇਸ ਪਹੁੰਚੇ, ਪਰ ਇਸ ਦੇ ਸ਼ੋਅ ਦੇ ਰੱਦ ਹੋਣ ਨੇ ਉਨ੍ਹਾਂ ਨੂੰ ਭੜਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਦਾ ਇਹ ਸ਼ੋਅ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ (15 ਦਸੰਬਰ) ਨੂੰ ਹੋਣਾ ਸੀ।
ਇਸ ਸ਼ੋਅ ਦੇ ਰੱਦ ਕਰਨ ਪਿੱਛੇ ਹਿੰਦੂ ਸੰਗਠਨਾਂ ਵੱਲੋਂ ਧਾਰਮਿਕ ਭਾਵਨਾ ਭੜਕਾਉਣ ਦੇ ਇਲਜ਼ਾਮ ਲਾਏ ਗਏ ਦੱਸੇ ਜਾ ਰਹੇ ਹਨ। ਹਿੰਦੂ ਸੰਗਠਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬੀ ਗਾਇਕ ਨੇ ਇਕ ਗਾਣੇ ਵਿੱਚ ਦੇਵੀ-ਦੇਵਤਿਆਂ 'ਤੇ ਟਿੱਪਣੀ ਕੀਤੀ ਹੈ।
ਪੰਜਾਬੀ ਗਾਇਕ ਨੇ ਸ਼ੋਅ ਰੱਦ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ, ''ਨਾਲਾਗੜ੍ਹ ਸ਼ੋਅ ਕੈਂਸਲ ਕਰਵਾ ਕੇ ਕੁੱਝ ਲੋਕਾਂ ਨਫਰਤ ਫੈਲਾ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਕਿ ਪੋਲੀਟੀਕਲ ਖੇਡ ਕੇ ਹਿੰਦੂ-ਸਿੱਖ ਦਾ ਮੁੱਦਾ ਬਣਾ ਲਓ...ਜੋੜਨਾ ਸਿੱਖੋ-ਤੋੜਨਾ ਨਹੀਂ...ਇਹ ਦੇਸ਼ ਸਭ ਦਾ ਸਾਂਝਾ...ਕਿਸੇ ਇੱਕ ਦਾ ਨਹੀਂ ਹੈ...ਜੋ ਜਦੋਂ ਜੀਅ ਕੀਤਾ, ਰੋਲਾ ਪਾ ਲਿਆ...।''
ਗਾਇਕ ਨੇ ਅੱਗੇ ਕਿਹਾ, ''ਮੈਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਪਿਛਲੇ ਇੱਕ ਸਾਲ ਵਿੱਚ ਸਾਡਾ ਤੀਜਾ ਸ਼ੋਅ ਹਿਮਾਚਲ ਵਿੱਚ ਕੈਂਸਲ ਹੋਇਆ, ਸਾਨੂੰ ਕੋਈ ਕਮੀ ਨਹੀਂ, ਪੰਜਾਬ ਵਿੱਚ ਹੀ ਬਹੁਤ ਸ਼ੋਅ ਹਨ, ਬਸ ਗੱਲ ਇਹ ਕਿ ਤੁਸੀ ਇਸ ਨਫਰਤ 'ਤੇ ਜ਼ਿਆਦਾ ਰਿਐਕਟ ਕਰ ਰਹੇ ਹੋ...ਤੁਸੀ ਇਨ੍ਹਾਂ ਲੋਕਾਂ ਨੂੰ ਥੋੜ੍ਹਾ ਸਮਝਾਓ, ਜਿਹੜੇ ਧਰਮ ਦੇ ਨਾਮ 'ਤੇ ਰਾਜਨੀਤੀ ਖੇਡਦੇ।''
ਰਣਜੀਤ ਬਾਵਾ ਨੇ ਕਿਹਾ, ''ਕਲਾਕਾਰ ਲੋਕਾਂ ਦਾ ਮਨੋਰੰਜਨ ਲਈ ਹੁੰਦਾ ਹੈ, ਪਰ ਤੁਸੀ ਲੋਕ ਫਿਰ ਨਫਰਤ ਦਾ ਸਬੂਤ ਦੇ ਰਹੇ ਹੋ। ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ, ਪਰ ਇਹ ਕੁੱਝ ਕੁ ਲੋਕ ਧਰਮ ਦੇ ਨਾਮ 'ਤੇ ਲੜਾਈ ਖਤਮ ਨਹੀਂ ਕਰਨਾ ਚਾਹੁੰਦੇ। ਹਰ ਗੱਲ ਵਿੱਚ ਹਿੰਦੂ-ਸਿੱਖ ਦਾ ਮਸਲਾ ਬਣਾ ਦਿੰਦੇ ਹੋ, ਬਹੁਤ ਸਾਰੇ ਫੈਨਜ਼ ਦੇ ਮੈਸੇਜ ਆ ਰਹੇ ਹਨ, ਜਿਨ੍ਹਾਂ ਨੇ ਦੂਰੋ-ਨੇੜੇ ਸ਼ੋਅ ਵੇਖਣ ਆਉਣਾ ਸੀ। ਪਰ ਅਸੀਂ ਅੱਜ ਨਹੀਂ ਆ ਰਹੇ। ਤੁਹਾਡੇ ਆਪਣੇ ਲੋਕ ਇਸ ਨਫਰਤ ਨੂੰ ਖਤਮ ਨੀ ਕਰਨਾ ਚਾਹੁੰਦੇ।''
ਬਾਵਾ ਨੇ ਕਿਹਾ, '' 4 ਸਾਲ ਹੋ ਗਏ ਉਸ ਗੀਤ (ਮੇਰਾ ਕੀ ਕਸੂਰ) ਨੂੰ ਹਟਾਏ ਅਤੇ ਅਸੀਂ ਇਸ ਬਾਰੇ ਵੀਡੀਓ ਪਾ ਕੇ ਕਿਹਾ ਵੀ ਸੀ ਕਿ ਜੇ ਕਿਸੇ ਦੇ ਦਿਲ ਨੂੰ ਦੁੱਖ ਲੱਗਿਆ ਤਾਂ ਅਸੀਂ ਮੁਆਫ਼ੀ ਚਾਹੁੰਦੇ, ਪਰ ਤੁਸੀ ਹਾਲੇ ਵੀ ਇਕੋ ਗੱਲ ਨੂੰ ਲੈ ਕੇ ਧਰਨੇ ਲਾਈ ਜਾਂਦੇ ਓ, ਧਰਮ ਜੋੜਨਾ ਸਿਖਾਉਂਦਾ...ਤੋੜਨਾ ਨਹੀਂ। ਅਰਦਾਸ ਕਰਦੇ ਹਾਂ ਕਿ ਇਨ੍ਹਾਂ ਲੋਕਾਂ ਨੂੰ ਰੱਬ ਪਿਆਰ ਕਰਨਾ ਸਿਖਾਵੇ ਤੇ ਇਹ ਨਫਰਤ ਖਤਮ ਹੋਵੇ।''
- PTC NEWS