Punjab Weather : ਧੁੰਦ ਦੀ ਚਾਦਰ 'ਚ ਮੁੜ ਲਿਪਟਿਆ ਪੰਜਾਬ, ਜਾਣੋ ਅਗਲੇ ਦਿਨਾਂ ਦੇ ਮੌਸਮ ਦਾ ਹਾਲ
Orange Alert In Punjab : ਉਤਰ ਭਾਰਤ 'ਚ ਮੌਸਮ ਲਗਾਤਾਰ ਕਰਵਟ ਬਦਲਦਾ ਆ ਰਿਹਾ ਹੈ, ਜਿਸ ਦਾ ਅਸਰ ਪੰਜਾਬ ਤੇ ਹਰਿਆਣਾ ਸਮੇਤ ਚੰਡੀਗੜ੍ਹ 'ਤੇ ਲਗਾਤਾਰ ਵਿਖਾਈ ਦੇ ਰਿਹਾ ਹੈ। ਧੁੰਦ ਕਾਰਨ ਰੇਲ ਗੱਡੀਆਂ ਅਤੇ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਬੁੱਧਵਾਰ ਨੂੰ ਜਿਥੇ ਕਈ ਰਾਜਾਂ ਵਿੱਚ ਮੀਂਹ ਪਿਆ, ਉਥੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਧੁੱਪ ਨਿਕਲੀ, ਪਰ ਹੁਣ ਫਿਰ ਧੁੰਦ ਨੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਵੀਰਵਾਰ ਸ਼ੁਰੂ ਹੋਈ ਸੰਘਣੀ ਧੁੰਦ ਨੇ ਅੱਜ ਮੁੜ ਪੰਜਾਬ ਨੂੰ ਲਪੇਟ 'ਚ ਲੈ ਲਿਆ, ਜਿਸ ਕਾਰਨ ਕਈ ਜ਼ਿਲਿਆਂ 'ਚ ਦੇਰ ਸ਼ਾਮ ਤੋਂ ਹੀ ਜ਼ੀਰੋ ਵਿਜ਼ੀਬਿਲਟੀ ਰਹੀ।ਮੌਸਮ ਵਿਭਾਗ ਵੱਲੋਂ ਇਸ ਸਬੰਧੀ ਸੂਬੇ ਵਿੱਚ ਸੰਘਣੀ ਧੁੰਦ ਦਾ ਆਰੈਂਜ ਅਲਰਟ ਵੀ ਜਾਰੀ ਕੀਤਾ ਹੋਇਆ ਹੈ। ਮੌਸਮ ਵਿਭਾਗ ਵੱਲੋਂ 18 ਜਨਵਰੀ ਨੂੰ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ, ਜਦਕਿ ਇਸ ਦੌਰਾਨ ਤਾਪਮਾਨ 'ਚ ਗਿਰਾਵਟ ਬਾਰੇ ਵੀ ਕਿਹਾ ਗਿਆ ਹੈ।
ਮੌਸਮ ਵਿਭਾਗ ਕੇਂਦਰ ਵੱਲੋਂ ਚੰਡੀਗੜ੍ਹ 'ਚ ਵੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਧੁੰਦ ਨੂੰ ਲੈ ਕੇ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਯੈਲੋ ਅਲਰਟ ਹੈ।
ਦੱਸ ਦਈਏ ਹੈ ਕਿ ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ -0.5 ਡਿਗਰੀ ਅਤੇ ਘੱਟੋ-ਘੱਟ ਤਾਪਮਾਨ ਵਿੱਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਸੂਬੇ 'ਚ ਤਾਪਮਾਨ ਆਮ ਦੇ ਨੇੜੇ ਹੈ। ਪੰਜਾਬ ਵਿੱਚ ਦੋ ਸਰਗਰਮ ਵੈਸਟਰਨ ਡਿਸਟਰਬੈਂਸ ਹਨ, ਜਿਸ ਕਾਰਨ ਮੌਸਮ ਵਿਭਾਗ ਨੇ ਅੱਜ ਵੀ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
- PTC NEWS