Punjab Weather Update : ਕੜਾਕੇ ਦੀ ਠੰਢ ਨਾਲ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਪਵੇਗਾ ਮੀਂਹ, ਸੀਤ ਲਹਿਰ ਨੂੰ ਲੈ ਕੇ ਵੀ ਅਲਰਟ ਜਾਰੀ
Punjab Weather Update : ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐਤਵਾਰ ਨੂੰ ਪੰਜਾਬ ਦੇ ਤਾਪਮਾਨ ਵਿੱਚ 1.6 ਡਿਗਰੀ ਅਤੇ ਚੰਡੀਗੜ੍ਹ ਵਿੱਚ 2.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਗਿਰਾਵਟ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਅੱਜ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਦਰਅਸਲ, ਪੱਛਮੀ ਗੜਬੜੀ ਸਰਗਰਮ ਹੈ। ਜਿਸ ਕਾਰਨ ਐਤਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਅਤੇ ਬਰਫਬਾਰੀ ਹੋਈ। ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਅਤੇ ਮਲੇਰਕੋਟਲਾ ਵਿੱਚ ਧੁੰਦ ਦਾ ਅਲਰਟ ਹੈ।
ਇਸ ਤੋਂ ਇਲਾਵਾ ਆਈਐਮਡੀ ਦੇ ਅਨੁਸਾਰ, 9 ਦਸੰਬਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, 9 ਦਸੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ 9 ਅਤੇ 10 ਦਸੰਬਰ ਨੂੰ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਪੱਛਮੀ ਰਾਜਸਥਾਨ ਵਿੱਚ 9 ਤੋਂ 14 ਦਸੰਬਰ ਤੱਕ, ਪੂਰਬੀ ਰਾਜਸਥਾਨ ਵਿੱਚ 10 ਤੋਂ 14 ਦਸੰਬਰ ਤੱਕ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 11 ਤੋਂ 14 ਦਸੰਬਰ ਤੱਕ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਉੱਥੇ ਹੀ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਅਤੇ ਇਸਦੇ ਆਸਪਾਸ ਦੇ ਰਾਜਾਂ ਵਿੱਚ ਐਤਵਾਰ ਨੂੰ ਇਸ ਸਰਦੀਆਂ ਦੀ ਪਹਿਲੀ ਬਾਰਿਸ਼ ਹੋਈ। ਭਾਵੇਂ ਮੀਂਹ ਹਲਕੀ ਸੀ, ਪਰ ਇਸ ਨੇ ਨਿਸ਼ਚਿਤ ਤੌਰ 'ਤੇ ਪ੍ਰਦੂਸ਼ਣ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ, ਜੋ ਫਿਰ ਤੋਂ ਜ਼ੋਰ ਫੜ ਰਿਹਾ ਸੀ। ਇਸ ਬਾਰਿਸ਼ ਤੋਂ ਬਾਅਦ ਦੇਸ਼ ਦੀ ਰਾਜਧਾਨੀ 'ਚ ਠੰਡ ਵਧੇਗੀ, ਪਾਰਾ 2-3 ਡਿਗਰੀ ਤੱਕ ਹੇਠਾਂ ਜਾ ਸਕਦਾ ਹੈ। ਇਸ ਤੋਂ ਇਲਾਵਾ ਯੂਪੀ-ਬਿਹਾਰ ਵਿੱਚ ਵੀ ਤਾਪਮਾਨ ਡਿੱਗ ਸਕਦਾ ਹੈ।
- PTC NEWS