ਪੰਜਾਬ ਵਿਧਾਨ ਸਭਾ ਦੇ Live telecast ’ਚ ਵਿਰੋਧੀਆਂ ਨੂੰ ਘੱਟ ਦਿਖਾਉਣ ਦਾ ਮਾਮਲਾ, ਹਾਈਕੋਰਟ ਨੇ ਦਿੱਤੇ ਇਹ ਹੁਕਮ
Punjab LoP Pratap Bajwa files petition : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਘੱਟ ਵਿਖਾਉਣ ਸਬੰਧੀ ਦਾਇਰ ਕੀਤੀ ਗਈ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਸਪੀਕਰ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਲਈ ਨਿਯਮ ਕਿਵੇਂ ਤਿਆਰ ਕਰਦੇ ਹਨ।
ਸਪੀਕਰ ਮਾਮਲੇ ਦਾ ਕਰਨ ਜਲਦ ਹੱਲ
ਹਾਈਕਰੋਟ ਨੇ ਪੰਜਾਬ ਵਿਧਾਨ ਸਭਾ ਲਈ ਕੇਰਲਾ ਵਿਧਾਨ ਸਭਾ ਦੇ ਨਿਯਮ ਦਾ ਵੀ ਹਵਾਲਾ ਦਿੱਤਾ, ਕਿਉਂਕਿ ਕੇਰਲ ਵਿਧਾਨ ਸਭਾ ਵਿੱਚ ਨਿਯਮਾਂ ਅਨੁਸਾਰ ਲਾਈਵ ਟੈਲੀਕਾਸਟ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਉਲਝਣਾ ਨਹੀਂ ਚਾਹੁੰਦੇ ਅਤੇ ਇਸ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਉਹ ਨਿਯਮ ਕਿਵੇਂ ਬਣਾਉਣਗੇ। ਸਪੀਕਰ ਨੂੰ ਇਸ ਮਸਲੇ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ।
ਜਾਣੋ ਕੀ ਸੀ ਪੂਰਾ ਮਾਮਲਾ
ਦਰਅਸਲ, ਆਪਣੀ ਪਟੀਸ਼ਨ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਲਾਈਵ ਕਵਰੇਜ ਵਿੱਚ ਸਿਰਫ਼ ਸਰਕਾਰ ਅਤੇ ਉਸ ਦੇ ਆਗੂਆਂ ਨੂੰ ਦਿਖਾਉਣ ਅਤੇ ਵਿਰੋਧੀ ਧਿਰ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਦੇ ਆਗੂ ਬੋਲਦੇ ਹਨ ਤਾਂ ਕੈਮਰੇ ਉਨ੍ਹਾਂ ’ਤੇ ਨਹੀਂ ਹੁੰਦੇ। ਇਸ ਸਬੰਧੀ ਵਿਧਾਨ ਸਭਾ ਸਪੀਕਰ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਬਾਜਵਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਹਾਈਕੋਰਟ ਹਦਾਇਤ ਜਾਰੀ ਕਰੇ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸਾਰਿਆਂ 'ਤੇ ਬਰਾਬਰ ਧਿਆਨ ਦਿੱਤਾ ਜਾਵੇ।
- PTC NEWS