ਪੰਜਾਬ 'ਚ ਫਿਰ ਹੋ ਸਕਦਾ ਹੈ ਬੱਸਾਂ ਦਾ ਚੱਕਾ ਜਾਮ
ਗੁਰਦਾਸਪੁਰ: ਪੰਜਾਬ ਵਿੱਚ ਇੱਕ ਵਾਰ ਫਿਰ ਟ੍ਰੈਫਿਕ ਚੱਕਾ ਜਾਮ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ 'ਚ ਪਾਣੀ ਦੀ ਟੈਂਕੀ 'ਤੇ ਚੜ੍ਹਨ ਵਾਲੇ ਕੰਡਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਸਬੰਧਤ ਵਿਭਾਗ ਨੇ 22 ਦਿਨਾਂ ਦੀ ਜਾਂਚ ਤੋਂ ਬਾਅਦ ਕੰਡਕਟਰ 'ਤੇ ਇਹ ਕਾਰਵਾਈ ਕੀਤੀ ਹੈ। ਵਿਭਾਗ ਦੀ ਇਸ ਕਾਰਵਾਈ ਦਾ ਮੁਲਾਜ਼ਮਾਂ ਤੇ ਯੂਨੀਅਨਾਂ ਵਿੱਚ ਰੋਸ ਹੈ।
ਦੂਜੇ ਪਾਸੇ ਕੰਡਕਟਰ ਪ੍ਰਿਥਪਾਲ ਨੇ ਵਿਭਾਗ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੰਡਕਟਰ ਪ੍ਰਿਥਪਾਲ ਦੇ ਸਮਰਥਨ 'ਚ 6 ਦਿਨ ਚੱਕਾ ਜਾਮ ਕੀਤਾ ਗਿਆ ਸੀ। ਸਰਕਾਰੀ ਬੱਸਾਂ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਜਦੋਂ ਪਨਬੱਸ ਚੰਡੀਗੜ੍ਹ ਤੋਂ ਬਟਾਲਾ ਆ ਰਹੀ ਸੀ ਤਾਂ ਰੋਪੜ ਡਿਪੂ ਦੇ ਇੰਸਪੈਕਟਰ ਚੈਕਿੰਗ ਲਈ ਕਾਠਗੜ੍ਹ ਟੋਲ ਪਲਾਜ਼ਾ ਤੋਂ ਬੱਸ 'ਚ ਸਵਾਰ ਹੋਏ ਸਨ। ਇਸ ਦੌਰਾਨ ਇੰਸਪੈਕਟਰ ਨੇ ਬਿਨਾਂ ਟਿਕਟ ਇਕ ਵਿਅਕਤੀ ਨੂੰ ਫੜ ਲਿਆ, ਜਿਸ ਕਾਰਨ ਕੰਡਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਪ੍ਰੇਸ਼ਾਨ ਹੋ ਕੇ ਕੰਡਕਟਰ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜ੍ਹ ਗਿਆ। ਪੰਜਾਬ ਰੋਡਵੇਜ਼ ਬਟਾਲਾ ਡਿਪੂ ਵੱਲੋਂ ਬੱਸ ਕੰਡਕਟਰ ਦੇ ਸਮਰਥਨ ਵਿੱਚ ਆਏ ਪਨਬੱਸ ਮੁਲਾਜ਼ਮਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ, ਜੋ ਲਗਾਤਾਰ 6 ਦਿਨ ਜਾਰੀ ਰਹੀ।
- PTC NEWS