ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਦੀਆਂ 'ਚ ਛੁੱਟੇ ਪਸੀਨੇ
ਚੰਡੀਗੜ੍ਹ : ਅੱਤ ਦੀ ਪੈ ਰਹੀ ਠੰਢ ਦਰਮਿਆਨ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤਕਨੀਕੀ ਖ਼ਰਾਬੀ ਤੇ ਕੋਲੇ ਦੀ ਕਮੀ ਨਾਲ ਜੂਝ ਰਿਹਾ ਹੈ। ਪੰਜਾਬ ਵਿਚ ਸਰਦੀ ਦੇ ਮੌਸਮ ਵਿਚ ਵੀ ਬਿਜਲੀ ਦੀ ਮੰਗ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਬਿਜਲੀ ਦੀ ਮੰਗ 8500 ਮੈਗਾਵਾਟ ਤੋਂ ਵੀ ਟੱਪ ਚੁੱਕੀ ਹੈ। ਕੋਲੇ ਦੀ ਭਾਰੀ ਕਮੀ ਕਾਰਨ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਬੰਦ ਹੋ ਗਿਆ ਹੈ।
ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦੇ ਦੋ ਹੋਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਪਹਿਲਾਂ ਹੀ ਬੰਦ ਪਏ ਹਨ। ਨਿੱਜੀ ਖੇਤਰ ਦੇ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਯੂਨਿਟ ਨੰਬਰ 2 ਵੀ ਤਕਨੀਕੀ ਖ਼ਰਾਬੀ ਕਾਰਨ ਬੰਦ ਪਿਆ ਹੈ। ਲਹਿਰਾ ਮੁਹੱਬਤ ਦਾ ਇਕ ਯੂਨਿਟ ਬੁਆਇਲਰ ਫਟਣ ਕਾਰਨ ਪਿਛਲੇ 8 ਮਹੀਨਿਆਂ ਤੋਂ ਬੰਦ ਚੱਲ ਰਿਹਾ ਹੈ।
ਪੰਜਾਬ ਦੇ ਥਰਮਲ ਪਲਾਂਟਾਂ ਵਿਚੋਂ 1400 ਮੈਗਾਵਾਟ ਬਿਜਲੀ ਦਾ ਘੱਟ ਉਤਪਾਦਨ ਹੋਇਆ ਹੈ। ਇਸ ਕਾਰਨ ਪਾਵਰਕਾਮ ਕੇਂਦਰੀ ਪੂਲ ਤੋਂ ਮਹਿੰਗੇ ਭਾਅ ਵਿਚ ਬਿਜਲੀ ਖਰੀਦਣ ਲਈ ਮਜਬੂਰ ਹੋ ਰਿਹਾ ਹੈ। ਪਾਵਰਕਾਮ ਵੱਲੋਂ ਰੋਜ਼ਾਨਾ ਔਸਤਨ 10 ਕਰੋੜ ਦੀ ਬਿਜਲੀ 7 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਕੇ ਸਪਲਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ 24 ਘੰਟੇ ਫਸੇ ਰਹੇ ਮੁਸਾਫ਼ਰ, 150 ਯਾਤਰੀਆਂ ਵੱਲੋਂ ਹੰਗਾਮਾ
ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿਚ ਬਿਜਲੀ ਦੀ ਲੰਮੇ-ਲੰਮੇ ਕੱਟ ਲੱਗੇ ਸਨ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਰਿਪੋਰਟ-ਗਗਨਦੀਪ ਆਹੂਜਾ
- PTC NEWS