Punjab State Baisakhi Bumper 2025 : ਰਾਤੋਂ ਰਾਤ ਚਮਕੀ ਕਿਸਮਤ ! 2 ਦੋਸਤਾਂ ਨੇ ਜਿੱਤੀ 20 ਲੱਖ ਰੁਪਏ ਦੀ ਲਾਟਰੀ, ਪਹਿਲੀ ਵਾਰ ਇਕੱਠੇ ਖਰੀਦੀ ਸੀ ਟਿਕਟ ,ਪੜ੍ਹੋ ਪੂਰੀ ਖ਼ਬਰ
Punjab State Baisakhi Bumper 2025 : ਕਹਿੰਦੇ ਨੇ ਕਿਸਮਤ ਜਦੋਂ ਵੀ ਦਿੰਦੀ ਹੈ ਛੱਪਰ ਪਾੜ ਕੇ ਦਿੰਦੀ ਹੈ। ਇਹ ਗੱਲ ਉਦੋਂ ਸੱਚ ਹੋ ਗਈ ਜਦੋਂ ਫਾਜ਼ਿਲਕਾ ਦੇ 2 ਦੋਸਤਾਂ ਦੀ 20 ਲੱਖ ਰੁਪਏ ਦੀ ਲਾਟਰੀ ਨਿਕਲ ਆਈ। ਦਰਅਸਲ 'ਚ ਪੰਜਾਬ ਸਟੇਟ ਵਿਸਾਖੀ ਬੰਪਰ ਲਾਟਰੀ 2025 ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਦੌਰਾਨ ਕਈ ਲੋਕਾਂ ਨੇ ਲੱਖਾਂ ਅਤੇ ਕਰੋੜਾਂ ਰੁਪਏ ਦੇ ਕਈ ਇਨਾਮ ਜਿੱਤੇ ਹਨ।
ਇਸ ਦੌਰਾਨ ਫਾਜ਼ਿਲਕਾ ਵਿੱਚ ਦੋ ਦੋਸਤਾਂ ਨੇ 20 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ। ਲਾਟਰੀ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਹੈ। ਜਿੱਤ ਦੀ ਖੁਸ਼ੀ 'ਚ ਉਨ੍ਹਾਂ ਨੇ ਦੁਕਾਨਦਾਰ ਨਾਲ ਭੰਗੜਾ ਪਾਇਆ ਅਤੇ ਕਿਹਾ ਕਿ ਪਹਿਲੀ ਵਾਰ ਦੋਵਾਂ ਨੇ ਇਕੱਠੇ ਲਾਟਰੀ ਟਿਕਟ ਖਰੀਦੀ ਸੀ ਅਤੇ ਉਨ੍ਹਾਂ ਨੇ ਵਿਸਾਖੀ ਬੰਪਰ ਦਾ ਦੂਜਾ ਇਨਾਮ ਜਿੱਤਿਆ।
ਜਾਣਕਾਰੀ ਦਿੰਦੇ ਹੋਏ ਲਾਟਰੀ ਜੇਤੂ ਮੰਗਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ -ਤਿੰਨ ਸਾਲਾਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਹੈ ਪਰ ਉਸਨੇ ਕੋਈ ਇਨਾਮ ਨਹੀਂ ਜਿੱਤਿਆ। ਇਸ ਵਾਰ ਉਸਨੇ ਘਰ ਦੇ ਨੇੜੇ ਰਹਿਣ ਵਾਲੇ ਆਪਣੇ ਦੋਸਤ ਰਿੰਪਲ ਨਾਲ ਮਿਲ ਕੇ 500 ਰੁਪਏ ਵਿੱਚ ਵਿਸਾਖੀ ਬੰਪਰ ਲਾਟਰੀ ਟਿਕਟ ਖਰੀਦੀ ਸੀ। ਜਿਸ 'ਤੇ ਉਨ੍ਹਾਂ ਨੇ 20 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ।
ਲਾਟਰੀ ਜਿੱਤਣ ਵਾਲੇ ਮੰਗਲ ਸਿੰਘ ਕਹਿੰਦਾ ਹੈ ਕਿ ਉਹ ਇਸ ਪੈਸੇ ਵਿੱਚੋਂ ਕੁਝ ਆਪਣੇ ਘਰ 'ਤੇ ਅਤੇ ਕੁਝ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰੇਗਾ। ਮੰਗਲ ਸਿੰਘ ਨੇ ਦੱਸਿਆ ਕਿ ਉਹ ਫਾਜ਼ਿਲਕਾ ਵਿੱਚ ਇੱਕ ਬੈਗ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜਦੋਂ ਕਿ ਰਿੰਪਲ ਟਰੈਕਟਰ-ਟਰਾਲੀ ਚਲਾਉਂਦੀ ਹੈ। ਦੂਜੇ ਪਾਸੇ ਰੂਪਚੰਦ ਲਾਟਰੀ ਦੇ ਸੰਚਾਲਕ ਬੌਬੀ ਨੇ ਕਿਹਾ ਕਿ ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ 2025 ਦੇ ਇਨਾਮ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੁਆਰਾ ਵੇਚੇ ਗਏ ਟਿਕਟ ਨੰਬਰ A748039 'ਤੇ 20 ਲੱਖ ਰੁਪਏ ਦਾ ਦੂਜਾ ਇਨਾਮ ਨਿਕਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਲਾਟਰੀ ਦਾ ਪਹਿਲਾ ਇਨਾਮ ਜਿੱਤਣ ਵਾਲਾ ਵਿਅਕਤੀ ਪਲਾਂ ਵਿੱਚ 6 ਕਰੋੜ ਰੁਪਏ ਦਾ ਮਾਲਕ ਬਣ ਗਿਆ। ਜਿਸ ਖੁਸ਼ਕਿਸਮਤ ਟਿਕਟ ਨੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ ,ਉਸਦਾ ਨੰਬਰ B 635931 ਹੈ।
ਇਸ ਤੋਂ ਕੁੱਝ ਦਿਨ ਪਹਿਲਾਂ ਪਟਿਆਲਾ ਦੇ ਇੱਕ ਬਜ਼ੁਰਗ ਕਿਸਾਨ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ ਸੀ। ਤਿੰਨਾਂ ਧੀਆਂ ਦੇ ਪਿਤਾ ਸੁਖਦੇਵ ਸਿੰਘ ਦੇ ਘਰ ਲਾਟਰੀ ਨਿਕਲਣ ਨਾਲ ਖੁਸ਼ੀ ਦਾ ਮਾਹੌਲ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਪਿੰਡ ਦਿੱਤੂਪੁਰ ਦਾ ਰਹਿਣ ਵਾਲਾ ਸੁਖਦੇਵ ਸਿੰਘ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਦਾ ਹੈ, ਜੋ ਕਿ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦਾ ਹੈ। ਉਹ ਪਸ਼ੂ ਪਾਲਣ ਵਿਭਾਗ ਵਿੱਚ ਠੇਕੇ 'ਤੇ ਸੇਵਾਦਾਰ ਵੱਜੋਂ ਕੰਮ ਕਰ ਰਿਹਾ ਹੈ, ਜਦਕਿ ਹੁਣ ਲਾਟਰੀ ਨੇ ਉਸ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ।
- PTC NEWS