PSEB ਵਿਦਿਆਰਥੀਆਂ ਲਈ ਖਾਸ ਖ਼ਬਰ, ਪੰਜਾਬ ਸਰਕਾਰ ਨੇ ਵਾਪਸ ਲਈ ਇਹ ਸਹੂਲਤ
ਪੀਟੀਸੀ ਨਿਊਜ਼ ਡੈਸਕ: ਪੰਜਾਬ ਸਰਕਾਰ (Punjab Government) ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਵਿਦਿਆਰਥੀ ਆਪਣੇ ਪੇਪਰਾਂ ਦਾ ਪੁਨਰ ਮੁਲਾਂਕਣ ਨਹੀਂ ਕਰਵਾ ਸਕਣਗੇ, ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦਿਆਰਥੀਆਂ (Students) ਤੋਂ ਇਹ ਸਹੂਲਤ ਵਾਪਸ ਲੈ ਲਈ ਹੈ। ਜ਼ਿਕਰਯੋਗ ਹੈ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਰੀ ਚੈਕਿੰਗ ਦੀ ਸਹੂਲਤਾਂ ਤਾਂ ਦਿੱਤੀ ਜਾਂਦੀ ਸੀ, ਪਰ ਪੁਨਰ ਮੁਲਾਂਕਣ ਦੀ ਸਹੂਲਤ ਨਹੀਂ ਸੀ ਦਿੱਤੀ ਜਾਂਦੀ। ਵਿਦਿਆਰਥੀਆਂ ਵੱਲੋਂ ਕੋਰੋਨਾ ਕਾਲ ਦੌਰਾਨ ਸਹੂਲਤ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਪੁਨਰ ਮੁਲਾਂਕਣ ਦੀ ਸਹੂਲਤ ਦਿੱਤੀ ਗਈ ਸੀ।
ਪੁਨਰ ਮੁਲਾਂਕਣ ਸਹੂਲਤ ਵਿੱਚ ਕਿਸੇ ਵਿਸ਼ੇ ਵਿੱਚ ਫੇਲ੍ਹ ਹੋਇਆ ਵਿਦਿਆਰਥੀ ਉਸ ਪ੍ਰੀਖਿਆ ਦੇ ਪੂਰੇ ਪੈਸੇ ਭਰ ਕੇ ਮੁੜ ਚੈਕਿੰਗ ਕਰਵਾ ਲੈਂਦਾ ਸੀ, ਜਿਸ ਤੋਂ ਬਾਅਦ ਅੰਕ ਵੱਧ ਜਾਣ ਕਾਰਨ ਉਹ ਉਸ ਵਿਸ਼ੇ ਵਿਚੋਂ ਪਾਸ ਹੋ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਸਹੂਲਤ ਵਾਪਸ ਲਏ ਜਾਣ ਨਾਲ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਗਲਤ ਦੱਸਿਆ ਜਾ ਰਿਹਾ ਹੈ।
ਉਧਰ, ਸਹੂਲਤ ਵਾਪਸ ਲਏ ਜਾਣ 'ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਪੁਨਰ ਮੁਲਾਂਕਣ ਦੀ ਸਹੂਲਤ ਵਾਪਸ ਲਈ ਗਈ ਹੈ, ਪਰ ਰੀ-ਚੈਕਿੰਗ ਸਹੂਲਤ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਇਸ ਤਹਿਤ ਹੁਣ ਵਿਦਿਆਰਥੀ ਪੂਰੇ ਵਿਸ਼ੇ ਦਾ ਨਹੀਂ ਸਗੋਂ ਵਿਸ਼ੇ ਦੇ ਸਿਰਫ ਅੰਕਾਂ ਦੇ ਜੋੜ ਦੀ ਹੀ ਮੁੜ ਚੈਕਿੰਗ ਕਰਵਾ ਸਕਦਾ ਹੈ, ਜਿਸ ਨੂੰ ਰੀ ਚੈਕਿੰਗ ਕਿਹਾ ਜਾਂਦਾ ਹੈ।
-