PRTC PUNBUS Strike: ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ
PRTC PUNBUS Strike: ਪੰਜਾਬ ਭਰ ’ਚ ਪਨਬਸ ਤੇ ਪੀਆਰਟੀਸੀ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਨੂੰ ਖ਼ਤਮ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਫੈਸਲਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਨਾਲ ਹੋਈ ਮੀਟਿੰਗ ਮਗਰੋਂ ਲਿਆ ਹੈ। ਹਾਲਾਂਕਿ ਹੜਤਾਲ ਕਾਰਨ ਬੱਸਾਂ ਦਾ ਸਫਰ ਕਰਨ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਨੇ ਇਹ ਹੜਤਾਲ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਸੀ।
ਪੀਆਰਟੀਸੀ ਤੇ ਪਨਬਸ ਯੂਨੀਅਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਕੀਤੀ ਗਈ ਹੜਤਾਲ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਨੂੰ ਮੰਨ ਲਿਆ ਗਿਆ ਹੈ। ਜਦਕਿ ਬਾਕੀ ਹੋਰ ਮੰਗਾਂ ਦੇ ਲਈ ਉਨ੍ਹਾਂ ਦੀ 29 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਉਸ ਸਮੇਂ ਤੱਕ ਉਨ੍ਹਾਂ ਨੇ ਆਪਣੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ।
ਦੱਸ ਦਈਏ ਕਿ ਹੜਤਾਲ ਕਾਰਨ ਕਰੀਬ 2700 ਪਨਬਸ ਤੇ ਪੀਆਰਟੀਸੀ ਬੱਸਾਂ ਨੂੰ ਬ੍ਰੇਕ ਲੱਗ ਗਈ ਹੈ। ਦੂਜੇ ਪਾਸੇ ਹੜਤਾਲ ਵਿਚਾਲੇ ਰੋਡਵੇਜ਼ ਯੂਨੀਅਨ ਦੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਅੱਜ ਹੋਣੀ ਹੈ। ਰੋਡਵੇਜ਼ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਮੀਟਿੰਗ ਬੇਸਿੱਟਾ ਰਹੀ ਤਾਂ ਹੜਤਾਲ ਜਾਰੀ ਰਹੇਗੀ। ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਵੀ ਇਲਜ਼ਾਮ ਲਗਾਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਮੁਲਾਜ਼ਮਾਂ ਨੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ-ਜਵਾਬ ਕਰਨ ਲਈ ਕਿਹਾ ਤਾਂ ਪਟਿਆਲਾ ਪ੍ਰਸ਼ਾਸਨ ਨੇ 25 ਅਗਸਤ ਲਈ ਮੀਟਿੰਗ ਤੈਅ ਕੀਤੀ ਸੀ। ਇਸ ਤੋਂ ਬਾਅਦ 14 ਸਤੰਬਰ ਨੂੰ ਮੀਟਿੰਗ ਹੋਣੀ ਸੀ, ਹੁਣ ਤੀਜੀ ਵਾਰ ਮੀਟਿੰਗ 29 ਸਤੰਬਰ ਤੈਅ ਕੀਤੀ ਗਈ ਹੈ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਰੋਡਵੇਜ਼/ਪਨਬਸ/ਪੀ ਆਰ ਟੀ ਸੀ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਹੜਤਾਲ ਦੀ ਹਿਮਾਇਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਭਲਕੇ ਹੜਤਾਲ ਰੈਲੀਆਂ ਵਿੱਚ ਕਿਸਾਨ ਸ਼ਾਮਲ ਹੋਣਗੇ। ਇਹ ਰੋਡਵੇਜ਼ ਕਾਮੇ ਆਮ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਦੇ ਹੀ ਪੁੱਤ ਧੀਆਂ ਹਨ, ਜਿਹੜੇ ਸਰਕਾਰਾਂ ਦੀਆਂ ਕਿਰਤੀ, ਕਿਸਾਨ, ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਦੱਬੇ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਵਰਗੀਆਂ ਮੰਗਾਂ ਮੰਨਣ ਅਤੇ ਪੱਕੇ ਕਰਨ ਅਤੇ ਤਨਖਾਹਾਂ ਭੱਤੇ ਵਧਾਉਣ ਵਰਗੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀਆਂ ਮੰਗਾਂ ਬਿਲਕੁਲ ਹੱਕੀ ਅਤੇ ਵਾਜਬ ਹਨ।
ਇਹ ਵੀ ਪੜ੍ਹੋ: Canada Travel Advisory: ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਇਹ ਐਡਵਾਈਜ਼ਰੀ, ਇੱਥੇ ਪੜ੍ਹੋ ਪੂਰਾ ਮਾਮਲਾ
- PTC NEWS