Partap Singh Bajwa : LOP ਬਾਜਵਾ ਖਿਲਾਫ਼ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਹੈਂਡ ਗ੍ਰੇਨੇਡ ਮਾਮਲੇ 'ਚ CM ਮਾਨ ਨੇ ਵੀ ਚੁੱਕੇ ਸਵਾਲ
Partap Singh Bajwa : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਉਨ੍ਹਾਂ ਦੇ ਘਰ ਦਸਤਕ ਦਿੱਤੀ ਗਈ ਹੈ। AIG ਕਾਊਂਟਰ ਇੰਟੈਲੀਜੈਂਸ ਰਵਜੋਤ ਕੌਰ ਅਨੁਸਾਰ ਇਹ ਮਾਮਲਾ ਹੈਂਡ ਗ੍ਰੇਨੇਡ ਦੀ ਸਰਕੂਲੇਸ਼ਨ ਦੇ ਬਿਆਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ।
ਬਾਜਵਾ ਨਹੀਂ ਕਰ ਰਹੇ ਸਹਿਯੋਗ : ਕਾਊਂਟਰ ਇੰਟੈਲੀਜੈਂਸ
ਰਵਜੋਤ ਗਰੇਵਾਲ ਨੇ ਕਿਹਾ, "ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਪੰਜਾਬ ਵਿੱਚ 50 ਹੈਂਡ ਗ੍ਰੇਨੇਡ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 32 ਅਜੇ ਵੀ ਸਰਕੂਲੇਸ਼ਨ ਵਿੱਚ ਹਨ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀ ਸੀ, ਜੋ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਹੈ। ਅਸੀਂ ਇਸ ਜਾਣਕਾਰੀ ਦੇ ਸਰੋਤ ਤੱਕ ਪਹੁੰਚਣਾ ਚਾਹੁੰਦੇ ਸੀ, ਇਸ ਲਈ ਅਸੀਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ, ਪਰ ਉਨ੍ਹਾਂ ਨੇ ਸਹਿਯੋਗ ਨਹੀਂ ਕੀਤਾ।"
CM ਮਾਨ ਨੇ ਵੀ ਸਾਧਿਆ ਬਾਜਵਾ 'ਤੇ ਨਿਸ਼ਾਨਾ
ਉਧਰ, ਸੀਐਮ ਮਾਨ ਨੇ ਵੀ ਇਸ ਮਾਮਲੇ 'ਚ ਕਿਹਾ, "...ਜੇਕਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਮਿਲੀ ਸੀ, ਤਾਂ ਉਨ੍ਹਾਂ ਦਾ ਪਾਕਿਸਤਾਨ ਨਾਲ ਕੀ ਸਬੰਧ ਹੈ ਕਿ ਉੱਥੋਂ ਦੇ ਅੱਤਵਾਦੀ ਉਨ੍ਹਾਂ ਨੂੰ ਸਿੱਧੇ ਫ਼ੋਨ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਕਿੰਨੇ ਬੰਬ ਭੇਜੇ ਗਏ ਹਨ? ਇਹ ਜਾਣਕਾਰੀ ਨਾ ਤਾਂ ਖੁਫੀਆ ਏਜੰਸੀਆਂ ਕੋਲ ਹੈ ਅਤੇ ਨਾ ਹੀ ਕੇਂਦਰ ਸਰਕਾਰ ਤੋਂ ਆਈ ਹੈ।"
ਜੇਕਰ ਕਿਸੇ ਸੀਨੀਅਰ ਆਗੂ ਕੋਲ ਅਜਿਹੀ ਜਾਣਕਾਰੀ ਹੁੰਦੀ, ਤਾਂ ਇਹ ਉਸਦੀ ਜ਼ਿੰਮੇਵਾਰੀ ਸੀ ਕਿ ਉਹ ਪੰਜਾਬ ਪੁਲਿਸ ਨੂੰ ਬੰਬਾਂ ਦੇ ਟਿਕਾਣਿਆਂ ਬਾਰੇ ਸੂਚਿਤ ਕਰਦਾ। ਕੀ ਉਹ ਬੰਬਾਂ ਦੇ ਫਟਣ, ਲੋਕਾਂ ਦੇ ਮਰਨ ਅਤੇ ਫਿਰ ਆਪਣੀ ਰਾਜਨੀਤੀ ਦੇ ਕੰਮ ਕਰਨ ਦੀ ਉਡੀਕ ਕਰ ਰਿਹਾ ਸੀ? ਅਤੇ ਜੇ ਇਹ ਸਭ ਝੂਠ ਹੈ, ਤਾਂ ਕੀ ਉਹ ਅਜਿਹੀਆਂ ਗੱਲਾਂ ਕਹਿ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ?"
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਇੱਕ ਨਿੱਜੀ ਅਖ਼ਬਾਰ ਵਿੱਚ ਇਸ ਸਬੰਧੀ ਖਬ਼ਰ ਵੀ ਛਪੀ ਸੀ, ਜਿਸ ਵਿੱਚ ਸੂਤਰਾਂ ਅਨੁਸਾਰ ਪਾਕਿਸਤਾਨ ਤੋਂ 55 ਹੈਂਡ ਗ੍ਰੇਨੇਡ ਆਉਣ ਬਾਰੇ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 9 ਅਜੇ ਵੀ ਸਰਕੂਲੇਸ਼ਨ ਵਿੱਚ ਹੋਣ ਦੀ ਗੱਲ ਕਹੀ ਗਈ ਸੀ।
- PTC NEWS