Biogas Plant Factory Issue : ਜਗਰਾਓਂ ਦੇ ਪਿੰਡ ਅਖਾੜਾ 'ਚ ਪੁਲਿਸ ਤੇ ਪਿੰਡ ਵਾਸੀ ਆਹਮੋ-ਸਾਹਮਣੇ, ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤਾ ਲਾਠੀਚਾਰਜ
Jagraon Police Lathicharge News : ਜਗਰਾਓਂ ਦੇ ਪਿੰਡ ਅਖਾੜਾ (Village Akhara) ਵਿੱਚ ਲੱਗਣ ਵਾਲੀ ਬਾਇਓ ਗੈਸ ਪਲਾਂਟ ਫੈਕਟਰੀ (Biogas Plant Factory) ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਫੈਕਟਰੀ ਦੇ ਸਾਹਮਣੇ ਟੈਂਟ ਲਗਾ ਕੇ ਧਰਨਾ ਲਗਾਇਆ ਹੋਇਆ ਸੀ। ਅੱਜ ਉਸੇ ਟੈਂਟ ਨੂੰ ਪੁਲਿਸ ਵੱਲੋਂ ਪੁੱਟ ਦਿੱਤਾ ਗਿਆ ਤੇ ਫੈਕਟਰੀ ਦੇ ਬੰਦ ਪਏ ਗੇਟ ਖੋਲ੍ਹ ਦਿੱਤੇ ਗਏ।
ਇਸ ਮੌਕੇ ਜਿੱਥੇ ਜਗਰਾਓਂ ਪੁਲਿਸ ਨੇ ਸਵੇਰੇ ਪੰਜ ਵਜੇ 5 ਜ਼ਿਲ੍ਹਿਆਂ ਦੀ ਪੁਲਿਸ ਨਾਲ ਮਿਲ ਕੇ ਪੂਰੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਪਿੰਡ ਦੇ ਅੰਦਰ ਜਾਣ ਵਾਲੇ ਸਾਰੇ ਪੱਕੇ ਤੇ ਕੱਚੇ ਰਸਤੇ ਬੰਦ ਕਰ ਦਿੱਤੇ ਹਨ। ਇਸ ਮੌਕੇ ਜਦੋਂ ਪਿੰਡ ਵਾਸੀਆਂ ਨੇ ਖੇਤਾਂ ਵਿਚੋਂ ਲੰਘ ਕੇ ਫੈਕਟਰੀ ਕੋਲ ਪਹੁੰਚਣਾ ਚਾਹਿਆ ਤਾਂ ਉਨ੍ਹਾਂ ਦੇ ਵਿਰੋਧ ਕਰਨ 'ਤੇ ਉਨ੍ਹਾਂ ਤੇ ਲਾਠੀਚਾਰਜ ਵੀ ਕੀਤਾ, ਜਿਸ ਕਰਕੇ ਕਈਆਂ ਦੇ ਕੱਪੜੇ ਫਟੇ ਤੇ ਸੱਟਾਂ ਵੀ ਲੱਗੀਆਂ।
ਇਸ ਮੌਕੇ ਜਿੱਥੇ ਪੁਲਿਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ, ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪਿੰਡ ਦੀ ਭਲਾਈ ਵਾਸਤੇ ਕਿਸੇ ਵੀ ਹਾਲਤ ਵਿੱਚ ਪਿੰਡ ਵਿਚ ਫੈਕਟਰੀ ਨਹੀਂ ਲੱਗਣ ਦੇਣਗੇ, ਕਿਉਂਕਿ ਇਸ ਫੈਕਟਰੀ ਨਾਲ ਜਿੱਥੇ ਪਿੰਡ ਵਿਚ ਕੈਂਸਰ ਫੈਲਣ ਦਾ ਡਰ ਹੈ ਤੇ ਫੈਕਟਰੀ ਪਿੰਡ ਤੋਂ 300 ਮੀਟਰ ਦੂਰ ਹੋਣ ਦੀ ਬਜਾਏ ਪਿੰਡ ਦੇ ਨੇੜੇ ਹੈ ਅਤੇ ਪਿੰਡ ਦੇ ਗਰੀਨ ਜੋਨ ਦੇ ਵੀ ਅੰਦਰ ਹੈ।
ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਅੱਜ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਉਨ੍ਹਾਂ ਦੇ ਟੈਂਟ ਪੁੱਟ ਦਿੱਤੇ ਹਨ ਅਤੇ ਫੈਕਟਰੀ ਦੇ ਗੇਟ ਖੋਲ੍ਹ ਦਿੱਤੇ ਹਨ, ਪਰ ਫੈਕਟਰੀ ਦੇ ਵਿਰੋਧ ਵਿਚ ਪੂਰਾ ਪਿੰਡ ਇਕਜੁੱਟ ਹੈ ਤੇ ਕਿਸੇ ਵੀ ਹਾਲਤ ਵਿੱਚ ਪਿੰਡ ਦੀ ਭਲਾਈ ਲਈ ਪਿੰਡ ਵਿੱਚ ਫੈਕਟਰੀ ਸ਼ੁਰੂ ਨਹੀਂ ਹੋਣ ਦੇਣਗੇ।
- PTC NEWS