ਪੰਜਾਬ ਪੁਲਿਸ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਵਚਨਬੱਧ : ਗੌਰਵ ਯਾਦਵ
ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤੇ ਸੁਧੀਰ ਸੂਰੀ ‘ਤੇ ਗੋਲੀਆਂ ਚਲਾਉਣ ਵਾਲੇ ਅੰਮ੍ਰਿਤਸਰ ਦੇ ਸੰਦੀਪ ਸਿੰਘ ਸੰਨੀ ਵਾਸੀ ਕੋਟ ਬਾਬਾ ਦੀਪ ਸਿੰਘ ਦੇ ਦੁਕਾਨਦਾਰ ਨੂੰ ਕਾਬੂ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਿਅਕਤੀ, ਜੋ ਕਿ ਗੋਪਾਲ ਮੰਦਿਰ, ਅੰਮ੍ਰਿਤਸਰ ਨੇੜੇ ਕੱਪੜਿਆਂ ਦੀ ਦੁਕਾਨ ਚਲਾਉਂਦਾ ਹੈ, ਦੇ ਕਬਜੇ ਵਿੱਚੋਂ ਵਾਤਰਦਾਤ ਨੂੰ ਅੰਜਾਮ ਦੇਣ ਵਾਲਾ ਹਥਿਆਰ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੀਤੀ ਦੁਪਹਿਰ 3.40 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਗੋਪਾਲ ਨਗਰ ’ਚ ਗੋਪਾਲ ਮੰਦਰ ਦੇ ਬਾਹਰ ਧਰਨੇ ‘ਤੇ ਬੈਠਾ ਸੀ, ਜਦੋਂ ਉਸ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਤੁਰੰਤ ਐਸਕਾਰਟ ਹਸਪਤਾਲ ਅੰਮਿ੍ਰਤਸਰ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ ।
ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਘਟਨਾ ਨੂੰ ਬਹੁਤ ਮੰਦਭਾਗਾ ਕਰਾਰ ਦਿੱਤਾ ਅਤੇ ਦੱਸਿਆ ਕਿ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 302 (ਕਤਲ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਥਾਣਾ ਸਦਰ ਅੰਮਿ੍ਰਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਜਲਦ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ। ਉਨਾਂ ਦੁਹਰਾਇਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਸਾਜ਼ਿਸ਼ ਦਾ ਪਰਦਾਫਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਸਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ।
ਡੀਜੀਪੀ ਨੇ ਪੰਜਾਬ ਦੀ ਪੁਰਾਣੀ ਭਾਈਚਾਰਕ ਸਾਂਝ ਦੇ ਮਿਸਾਲੀ ਰਿਕਾਰਡ ਬਾਰੇ ਦੱਸਦਿਆਂ ਮੀਡੀਆ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਲੇਟਫਾਰਮਾਂ ਜਾਂ ਸੋਸ਼ਲ ਮੀਡੀਆ ‘ਤੇ ਗ਼ੈਰ-ਪ੍ਰਮਾਣਿਤ ਗੱਲਾਂ/ਖਬਰਾਂ ਪੋਸਟ ਕਰਨ ਤੋਂ ਗੁਰੇਜ ਕਰਨ ਇਸ ਦੇ ਨਾਲ ਹੀ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ।
ਇਹ ਵੀ ਪੜ੍ਹੋ : ਸੁਧੀਰ ਸੂਰੀ ਕਤਲ ਮਾਮਲਾ: ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ 'ਤੇ ਚੁੱਕੇ ਜਾ ਰਹੇ ਹਨ ਸਵਾਲ
- PTC NEWS