Sun, Dec 22, 2024
Whatsapp

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਨੀਲ ਕੁਮਾਰ ਉਰਫ਼ ਆਸ਼ੂ ਵਾਸੀ ਰਾਊਵਾਲ, ਬਟਾਲਾ ਅਤੇ ਦਿਲਪ੍ਰੀਤ ਸਿੰਘ ਉਰਫ਼ ਦਿਲ ਵਾਸੀ ਰਾਏਮਲ, ਬਟਾਲਾ ਵਜੋਂ ਹੋਈ ਹੈ।

Reported by:  PTC News Desk  Edited by:  Amritpal Singh -- December 21st 2024 08:13 PM
ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਅੰਮ੍ਰਿਤਸਰ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਨੇ ਇੱਕ ਗੈਂਗਸਟਰ ਮਾਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮਾਂ ਨੇ ਉਹਨਾਂ ਕੋਲੋਂ ਦੋ ਆਧੁਨਿਕ 9 ਐਮ.ਐਮ. ਗਲੋਕ ਪਿਸਤੌਲਾਂ ਸਮੇਤ ਚਾਰ ਮੈਗਜ਼ੀਨਾਂ ਅਤੇ 14 ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਨੀਲ ਕੁਮਾਰ ਉਰਫ਼ ਆਸ਼ੂ ਵਾਸੀ ਰਾਊਵਾਲ, ਬਟਾਲਾ ਅਤੇ ਦਿਲਪ੍ਰੀਤ ਸਿੰਘ ਉਰਫ਼ ਦਿਲ ਵਾਸੀ ਰਾਏਮਲ, ਬਟਾਲਾ ਵਜੋਂ ਹੋਈ ਹੈ। ਮੁਲਜ਼ਮ ਸੁਨੀਲ ਉਰਫ਼ ਆਸ਼ੂ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਉਹ 27 ਫਰਵਰੀ 2024 ਨੂੰ ਗੁਰਦਾਸਪੁਰ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਾ ਹੈ ਕਿ ਮੁਲਜ਼ਮਾਂ ਨੂੰ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚੋਂ ਹਥਿਆਰਾਂ ਦੀ ਖੇਪ ਮਿਲੀ ਸੀ ਅਤੇ ਇਹ ਖੇਪ ਅੱਗੇ ਕਿਸੇ ਅਣਪਛਾਤੀ ਧਿਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਅਤੇ ਨੈਟਵਰਕ ਵਿੱਚ ਸ਼ਾਮਲ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਪਠਾਨਕੋਟ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਨੀਲ ਕੁਮਾਰ ਅਤੇ ਦਿਲਪ੍ਰੀਤ ਸਿੰਘ ਕੁਝ ਅਣਪਛਾਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਸੀਆਈ ਪਠਾਨਕੋਟ ਦੀਆਂ ਟੀਮਾਂ ਨੇ ਜਾਲ ਵਿਛਾ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕਰ ਲਿਆ।

ਏਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਬਰਾਮਦ ਕੀਤੀਆਂ ਗਈਆਂ ਪਿਛਲੀਆਂ ਖੇਪਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।

ਇਸ ਸਬੰਧੀ ਐਫਆਈਆਰ ਨੰਬਰ 71 ਮਿਤੀ 21.12.2024 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK