Punjab-Himachal Border Protest : ਪੰਜਾਬ- ਹਿਮਾਚਲ ਬਾਰਡਰ ’ਤੇ ਮਾਹੌਲ ਤਣਾਅਪੂਰਨ; ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੀ ਚਿਤਾਵਨੀ, ਹਿਮਾਚਲ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ
Punjab-Himachal Border Protest : ਹਿਮਾਚਲ ਪ੍ਰਦੇਸ਼ ’ਚ ਪੰਜਾਬੀ ਅਤੇ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਜਰਨੈਲ ਸਿੰਘ ਭਿੰਡਰਾਵਾਲਾ ਦੇ ਪੋਸਟਰ ਉਤਾਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹਿਮਾਚਲ ਦੇ ਕੁੱਲੂ ਤੋਂ ਉਠੇ ਇਸ ਵਿਵਾਦ ਦੇ ਵਿਰੋਧ ਵਿੱਚ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨ ਹਿਮਾਚਲ ਦੀਆਂ ਬਸਾਂ 'ਤੇ ਪੋਸਟਰ ਲਗਾਏ ਜਾਣ ਤੋਂ ਬਾਅਦ ਬੁੱਧਵਾਰ ਸਿੱਖ ਜਥੇਬੰਦੀਆਂ ਵੱਲੋਂ ਹਿਮਾਚਲ ਬਾਰਡਰ ਵੱਲ ਕੂਚ ਕੀਤਾ ਗਿਆ, ਪਰੰਤੂ ਪੰਜਾਬ ਪੁਲਿਸ ਨੇ ਜਥੇਬੰਦੀਆਂ ਨੂੰ ਰਸਤੇ ਵਿੱਚ ਰੋਕ ਲਿਆ। ਫਿਲਹਾਲ ਮਾਹੌਲ ਬੇਹੱਦ ਹੀ ਤਣਾਅਪੂਰਨ ਹੋਇਆ ਪਿਆ ਹੈ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੋਈ ਪਈ ਹੈ।
ਜਾਣਕਾਰੀ ਮੁਤਾਬਿਕ ਸਿੱਖ ਜਥੇਬੰਦੀਆਂ ਨੇ ਪੰਜਾਬ ਹਿਮਚਾਲ ਬਾਰਡਰ ’ਤੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਚਆਰਟੀਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐਚਆਰਟੀਸੀ ਨੇ ਹੁਸ਼ਿਆਰਪੁਰ ਦੇ 10 ਰੂਟ ਮੁਅੱਤਲ ਕੀਤੇ ਹਨ। ਇਸ ਤੋਂ ਇਲਾਵਾ ਸਥਿਤੀ ਸੁਧਰਨ ਤੱਕ 10 ਰੂਟਾਂ 'ਤੇ ਬੱਸ ਸੇਵਾ ਬੰਦ ਰਹੇਗੀ।
CM ਸੁੱਖੂ ਨੇ ਮੁੱਖ ਮੰਤਰੀ ਮਾਨ ਕੋਲ ਚੁੱਕਿਆ HRTC ਬਸਾਂ ਦੀ ਸੁਰੱਖਿਆ ਦਾ ਮੁੱਦਾ
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ ਅਤੇ ਪੋਸਟਰ ਵਿਵਾਦ ਨੂੰ ਲੈ ਕੇ ਚਰਚਾ ਹੋਈ। ਇਸ ਮੁਲਾਕਾਤ ਤੋਂ ਬਾਅਦ ਸੀਐੱਮ ਸੁੱਖੂ ਨੇ ਕਿਹਾ ਕਿ ਮੈਂ ਇਸ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ, ਉਨ੍ਹਾਂ ਨੇ ਕਿਹਾ ਹੈ ਕਿ ਇਸ 'ਤੇ ਡੀਜੀਪੀ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ। ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਨ 'ਤੇ ਨੌਜਵਾਨ ਪੀੜ੍ਹੀ ਗੁੰਮਰਾਹ ਹੋ ਜਾਂਦੀ ਹੈ। ਪੰਜਾਬ ਦੇ ਲੋਕ ਸਾਡੇ ਸਤਿਕਾਰਯੋਗ ਹਨ। ਅਸੀਂ ਆਪਣੇ ਸਾਰੇ ਗੁਰੂਆਂ ਦਾ ਸਤਿਕਾਰ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਬੱਸਾਂ ਦੀ ਸੁਰੱਖਿਆ ਵਿੱਚ ਸੁਧਾਰ ਕੀਤਾ ਜਾਵੇਗਾ।
ਦੂਜੇ ਪਾਸੇ ਪੰਜਾਬ ਵਿੱਚ ਸਰਕਾਰੀ ਬੱਸਾਂ ਤੋਂ ਇਲਾਵਾ ਐਚਪੀ (HP) ਨੰਬਰ ਵਾਲੇ ਨਿੱਜੀ ਵਾਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਭਿੰਡਰਾਂਵਾਲਾ ਦੇ ਪੋਸਟਰ ਲਗਾਏ ਜਾ ਰਹੇ ਹਨ। ਬੀਤੀ ਸ਼ਾਮ ਵੀ ਦੋ ਨੌਜਵਾਨਾਂ ਨੇ ਪੰਜਾਬ ਦੇ ਖਰੜ ਵਿੱਚ ਚੰਡੀਗੜ੍ਹ ਤੋਂ ਹਮੀਰਪੁਰ ਆ ਰਹੀ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਨੂੰ ਰੋਕਿਆ ਅਤੇ ਉਸ 'ਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ।
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ 'ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋਆਂ ਵਾਲੇ ਸਟਿਕਰ ਅਤੇ ਝੰਡੇ ਲਹਾਇਆ ਗਿਆ ਸੀ। ਇਸ ਮਾਮਲੇ ਦੇ ਮਗਰੋਂ ਹੁਣ ਸਿੱਖ ਯੂਥ ਆਫ਼ ਪੰਜਾਬ ਅਤੇ ਦਲ ਖਾਲਸਾ ਨੇ ਅਜੀਬ ਗਰੀਬ ਐਕਸ਼ਨ ਲੈਂਦਿਆਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਿਖ ਯੂਥ ਆਫ਼ ਪੰਜਾਬ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਮੂਨਕਾ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਹੁਸ਼ਿਆਰਪੁਰ ਦੇ ਬੱਸ ਸਟੈਂਡ 'ਤੇ ਖੜ੍ਹੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਵਾਲੇ ਸਟਿਕਰ ਲਗਾ ਦਿੱਤੇ।
ਇਹ ਵੀ ਪੜ੍ਹੋ : Himachal vs Punjab Controversy : ਖਰੜ 'ਚ ਹਿਮਾਚਲ ਦੀ ਬੱਸ 'ਤੇ ਹਮਲਾ, ਸ਼ੀਸ਼ੇ ਟੁੱਟੇ, ਵਾਲ-ਵਾਲ ਬਚੀਆਂ ਸਵਾਰੀਆਂ, ਵੀਡੀਓ ਆਈ ਸਾਹਮਣੇ
- PTC NEWS