PRTC ਦੇ ਕਰਜ਼ੇ 'ਚ ਡੁੱਬੀ ਮਾਨ ਸਰਕਾਰ! AAP ਦੀਆਂ ਰੈਲੀਆਂ ਲਈ ਢੋਏ ਸੀ ਵਰਕਰ
ਪੀਟੀਸੀ ਨਿਊਜ਼ ਡੈਸਕ: ਮੁੱਖ ਮੰਤਰੀ ਭਗਵੰਤ ਮਾਨ (CM Mann) ਦੇ ਰਾਜ ਵਿੱਚ ਪੰਜਾਬ ਸਰਕਾਰ ਕਿਵੇਂ ਕਰਜ਼ਈ ਹੁੰਦੀ ਜਾ ਰਹੀ ਹੈ, ਇਸ ਦੀ ਇੱਕ ਉਦਾਹਰਨ ਇਸ ਤੋਂ ਮਿਲੀ ਹੈ ਸਰਕਾਰ ਆਪਣੇ ਹੀ ਪੀਆਰਟੀਸੀ (PRTC) ਵਿਭਾਗ ਦੇ ਕਰਜ਼ੇ ਵਿੱਚ ਡੁੱਬੀ ਹੋਈ ਹੈ। ਪੰਜਾਬ ਸਰਕਾਰ ਨੇ ਪੀਆਰਟੀਸੀ ਦਾ 3 ਕਰੋੜ ਰੁਪਏ ਬਕਾਇਆ ਦੇਣਾ ਹੈ। ਇਸਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਬਕਾਇਆ ਬਾਰੇ ਪੀਆਰਟੀਸੀ ਨੇ ਸਰਕਾਰ ਨੂੰ ਵਾਰ-ਵਾਰ ਕਿਹਾ ਗਿਆ ਹੈ, ਪਰ ਕੁੱਲ 4 ਕਰੋੜ ਰੁਪਏ ਦੇ ਬਕਾਏ ਵਿਚੋਂ ਸਰਕਾਰ ਨੇ ਹੁਣ ਤੱਕ ਸਿਰਫ਼ 28 ਲੱਖ ਰੁਪਏ ਹੀ ਅਦਾ ਕੀਤੇ ਹਨ, ਜਦਕਿ 3 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦਾ ਭੁਗਤਾਨ ਕਰਨਾ ਅਜੇ ਵੀ ਬਾਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਬਕਾਇਆ ਆਮ ਆਦਮੀ ਪਾਰਟੀ (AAP) ਦੀਆਂ ਰੈਲੀਆਂ 'ਚ ਵਰਤੀਆਂ ਬੱਸਾਂ ਦੇ ਕਿਰਾਏ ਦਾ ਹੈ। ਆਮ ਆਦਮੀ ਪਾਰਟੀ (aam-aadmii-paarttii) ਦੇ ਵਰਕਰਾਂ ਨੂੰ 'ਆਪ' ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਸਮਾਗਮਾਂ-ਕਮ-ਰਾਜਨੀਤਿਕ ਰੈਲੀਆਂ ਦੇ ਸਥਾਨਾਂ 'ਤੇ ਲਿਜਾਣ ਲਈ ਹਜ਼ਾਰਾਂ ਸਰਕਾਰੀ ਪੀਆਰਟੀਸੀ ਬੱਸਾਂ ਦੀ ਵਰਤੋਂ ਕੀਤੀ ਗਈ। ਸਿਆਸੀ ਰੈਲੀਆਂ ਲਈ ਬੱਸਾਂ ਦੀ ਵਰਤੋਂ ਹੋਣ ਕਾਰਨ ਯਾਤਰੀਆਂ ਨੂੰ ਵੀ ਇਸ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਪਟਿਆਲਾ ਵਿੱਚ 2 ਅਕਤੂਬਰ 2023 ਨੂੰ ਇੱਕ ਸਮਾਗਮ ਤੇ ਰੈਲੀ ਲਈ ਆਪ ਵਰਕਰਾਂ ਨੂੰ ਲੈ ਕੇ ਜਾਣ ਲਈ 611 ਬਸਾਂ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 'ਸਿਹਤਮੰਦ ਪੰਜਾਬ ਮਿਸ਼ਨ' ਦੀ ਸ਼ੁਰੂਆਤ ਕਰਨ ਲਈ ਕੀਤੀ ਗਈ ਸੀ। ਪੀਆਰਟੀਸੀ ਨੇ ਇਸ ਸਮਾਗਮ ਲਈ 66 ਲੱਖ ਰੁਪਏ ਦਾ ਦਾਅਵਾ ਪੇਸ਼ ਕੀਤਾ ਸੀ, ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਹੈ।
ਇਸੇ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ 13 ਸਤੰਬਰ ਨੂੰ ਅੰਮ੍ਰਿਤਸਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ ਲਈ ਸੂਬਾ ਪੱਧਰੀ ਸਮਾਗਮ ਦੌਰਾਨ ਰੈਲੀ ਕੀਤੀ ਗਈ ਸੀ, ਜਿਸ ਲਈ ਸਰਕਾਰ ਨੇ ਪੀਆਰਟੀਸੀ ਨੂੰ 43 ਲੱਖ ਰੁਪਏ ਅਦਾ ਕਰਨੇ ਸਨ। ਹਾਲਾਂਕਿ ਅਜੇ ਤੱਕ ਕੋਈ ਰਾਸ਼ੀ ਅਦਾ ਨਹੀਂ ਕੀਤੀ ਗਈ।
ਦੱਸ ਦੇਈਏ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਬੇੜੇ ਵਿੱਚ ਕੁੱਲ ਵੱਖ-ਵੱਖ ਸ਼੍ਰੇਣੀਆਂ ਤਹਿਤ 1304 ਬੱਸਾਂ ਚੱਲਦੀਆਂ ਹਨ।
-