ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਈ ਨਾਜ਼ੁਕ, ਪ੍ਰਸ਼ਾਸਨ ਦੀ ਕਿਸਾਨਾਂ ਨਾਲ ਦੂਜੇ ਦੌਰ ਦੀ ਮੀਟਿੰਗ ਵੀ ਬੇਸਿੱਟਾ
jagjit Singh Dallewal : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਦੇ ਮੱਦੇਨਜ਼ਰ ਸਰਕਾਰੀ ਸਹੂਲਤਾਂ ਲੈਣ ਲਈ ਮਨਾਉਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਸਾਨ ਆਗੂਆਂ ਅਤੇ ਕਿਸਾਨ ਆਗੂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹਿਣ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲੀ ਮੀਟਿੰਗ 'ਚ ਵੀ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰੀ ਸਿਹਤ ਸਹੂਲਤਾਂ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਸਾਬਕਾ ਏਡੀਜੀਪੀ ਜਸਕਰਨ ਸਿੰਘ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਖਾਸ ਤੌਰ 'ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਦਾ ਦੂਸਰਾ ਦੌਰ ਕਰਕੇ ਬਾਹਰ ਆਏ ਹਨ। ਹਾਲਾਕਿ ਇਸ ਦੌਰਾਨ ਉਹਨਾਂ ਵੱਲੋਂ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।
ਇਸ ਮੌਕੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਕਿਹਾ ਕਿ ਇਹ ਦੂਸਰੇ ਦੌਰ ਦੀ ਮੀਟਿੰਗ ਹੈ.... ਫਿਲਹਾਲ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ। ਪੁਲਿਸ ਦੇ ਸਾਬਕਾ ਆਲਾ ਅਧਿਕਾਰੀ ਵੱਲੋਂ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਹੁਣ ਇਹ ਨਹੀਂ ਪਤਾ ਹੈ ਕਿ ਕੀ ਉਹ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਨਾਲ ਰਾਬਤਾ ਕਾਇਮ ਕਰ ਰਹੇ ਹਨ ਲੇਕਿਨ ਫਿਲਹਾਲ ਇਸ ਮੀਟਿੰਗ ਦਾ ਕੋਈ ਹੱਲ ਨਹੀਂ ਨਿਕਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਪਹਿਲੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੇ ਬਾਬਤ ਹੁਣ ਕੁਝ ਉਮੀਦ ਪੈਦਾ ਹੋ ਰਹੀ ਹੈ ਕਿ ਕੇਂਦਰ ਦੇ ਨਾਲ ਕੋਈ ਮੀਟਿੰਗ ਜਾਂ ਗੱਲਬਾਤ ਦੌਰਾਨ ਚੱਲ ਸਕਦਾ ਹੈ।
ਫਿਲਹਾਲ ਪਹਿਲੇ ਦੋ ਦੌਰਾਂ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਅਤੇ ਹੁਣ ਤੀਸਰੇ ਦੌਰ ਦੀ ਮੀਟਿੰਗ ਦੇ ਵਿੱਚ ਇਸ ਮਾਮਲੇ ਦਾ ਕੋਈ ਨਾ ਕੋਈ ਹੱਲ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ।
- PTC NEWS