Sultanpur Lodhi Flood: ਬਿਆਸ ਦਰਿਆ 'ਚ ਪੌਂਗ ਡੈਮ ਤੋਂ ਪਾਣੀ ਛੱਡਣ ਨਾਲ ਇਲਾਕੇ 'ਚ ਹੜ੍ਹ ਦਾ ਕਾਰਨ ਬਣਿਆ ਹੋਇਆ ਹੈ। ਉੱਥੇ ਹੀ ਸੁਲਤਾਨਪੁਰ ਲੋਧੀ ਜ਼ਿਲ੍ਹੇ ਦੇ ਮੰਡ ਖੇਤਰ ਦੇ ਪੇਂਡੂ ਖੇਤਰ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ ਹਨ। ਦੂਜੇ ਪਾਸੇ ਪਵਿੱਤਰ ਕਾਲੀ ਵੇਈਂ ’ਚ ਵੀ ਪਾਣੀ ਦਾ ਪੱਧਰ ਵਧ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ। ਹੌਲੀ ਹੌਲੀ ਕਾਲੀ ਵੇਈਂ ਦਾ ਪੱਧਰ ਬਹੁਤ ਵਧ ਰਿਹਾ ਹੈ। ਜਿਸ ਕਾਰਨ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਬਣਿਆ ਪੁਲ ਕਿਸੇ ਸਮੇਂ ਵੀ ਰੁੜ੍ਹ ਸਕਦਾ ਹੈ। ਪਾਣੀ ਦਾ ਪੱਧਰ ਵੱਧਣ ਕਾਰਨ ਪੁਲ ਤੋਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਪਾਣੀ ਛੂਹ ਰਿਹਾ ਹੈ। ਬਾਬਾ ਬਿਧੀ ਚੰਦ ਸੰਪਰਦਾ ਨਾਲ ਸਬੰਧਤ ਨਿਹੰਗ ਸਿੰਘਾਂ ਦਾ ਡੇਰਾ ਵੀ ਪਿੱਛੇ ਤੋਂ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਸੇਵਾਦਾਰ ਡੇਰੇ ਦੇ ਪਿਛਲੇ ਪਾਸੇ ਬੰਨ੍ਹ ਬਣਾਉਣ ਲੱਗੇ ਹਨ। ਸੇਵਾਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਇਸ ਥਾਂ 'ਤੇ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ।ਇਸ ਮੌਕੇ ਸਰਦੂਲ ਸਿੰਘ ਸੂਬਾ ਪ੍ਰਧਾਨ ਲੋਕ ਇਨਸਾਫ਼ ਪਾਰਟੀ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਤੋਂ ਹੀ ਪੁਖਤਾ ਇੰਤਜ਼ਾਮ ਕਰਨ ਅਤੇ ਜੋ ਬੰਨ੍ਹ ਕਮਜ਼ੋਰ ਪਏ ਹਨ, ਉਨ੍ਹਾਂ ਦੀ ਮੁਰੰਮਤ 'ਤੇ ਧਿਆਨ ਦੇਣ, ਕਿਉਂਕਿ ਇਸ 'ਤੇ ਮੁਆਵਜ਼ੇ ਤੋਂ ਘੱਟ ਖਰਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਦੇ ਕਈ ਬੰਨ੍ਹ ਕਮਜ਼ੋਰ ਹਨ। ਉਨ੍ਹਾਂ ਬਾਬਾ ਬਿਧੀ ਚੰਦ ਦਲ ਅਤੇ ਹੋਰ ਗੁਰੂਧਾਮਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸੰਗਤਾਂ ਨੂੰ ਲੰਗਰ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਅਫਵਾਹਾਂ ਨਾ ਫੈਲਾਉਣ ਅਤੇ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸੂਚਨਾ ਨੂੰ ਹੀ ਅੱਗੇ ਭੇਜਣ।ਇਹ ਵੀ ਪੜ੍ਹੋ: ਪੰਜਾਬ: ਸਿਹਤ ਮੰਤਰੀ ਨੇ ਮੰਨਿਆ 'ਪੰਜਾਬ 'ਚ ਡੇਂਗੂ, ਚਿਕਨਗੁਨੀਆ ਦੇ ਮਾਮਲਿਆਂ 'ਚ ਹੋ ਰਿਹਾ ਵਾਧਾ'