Mohali News : ਬਿਜਲੀ ਵਿਭਾਗ ਦਾ ਨਵਾਂ ਕਾਰਨਾਮਾ, ਗੁਰਦੁਆਰਾ ਸਾਹਿਬ ਨੂੰ ਭੇਜਿਆ 4 ਲੱਖ ਤੋਂ ਵੱਧ ਦਾ ਬਿੱਲ!
Phase 1 Gurudwara : ਮੋਹਾਲੀ ਦੇ ਫੇਸ ਏਕ ਗੁਰਦੁਆਰਾ ਸਾਹਿਬ ਨੂੰ ਬਿਜਲੀ ਵਿਭਾਗ ਨੇ 4 ਲੱਖ ਰੁਪਏ ਤੋਂ ਉਪਰ ਦਾ ਬਿਜਲੀ ਬਿੱਲ ਭੇਜ ਕੇ ਜ਼ੋਰਦਾਰ ਝਟਕਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਗੁਰੂਘਰ ਦੇ ਪ੍ਰਧਾਨ ਨੇ ਦੱਸਿਆ ਕਿ 2022 ਵਿਚ ਗੁਰੂ ਘਰ ਸੋਲਰ ਸਿਸਟਮ ਲਗਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਬਿੱਲ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਿਆ ਕਿ ਹੁਣ ਬਿਜਲੀ ਗੁਰੂ ਘਰ ਦੇ ਸੋਲਰ ਸਿਸਟਮ ਨਾਲ ਚੱਲ ਰਹੀ ਹੈ, ਪਰ ਹੁਣ ਦੋ ਸਾਲਾਂ ਬਾਅਦ ਜਦ ਬਿੱਲ ਆਇਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ ਹਨ।
ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨੇ ਹੁਣ ਉਨ੍ਹਾਂ ਨੂੰ 4 ਲੱਖ ਰੁਪਏ ਤੋਂ ਉਪਰ ਦਾ ਬਿਲ ਭੇਜ ਕੇ ਵੱਡਾ ਝਟਕਾ ਦਿੱਤਾ ਹੈ, ਜੋ ਕਿ ਸਰਾਸਰ ਨਾਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਇਹ ਲੱਖ ਰੁਪਏ ਦਾ ਬਿੱਲ ਭੇਜਣਾ ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਬਿਜਲੀ ਦੀ ਖਪਤ 80 ਤੋਂ 100 ਯੂਨਿਟ ਦੇ ਕਰੀਬ ਹੈ, ਜਿਸ ਵਿੱਚ ਉਲਟਾ ਸੋਲਰ ਸਿਸਟਮ ਰਾਹੀਂ ਬਿਜਲੀ ਵੀ ਵਰਤੀ ਜਾਂਦੀ ਹੈ।
ਪ੍ਰਧਾਨ ਨੇ ਆਰੋਪ ਲਗਾਇਆ ਹੈ ਕਿ ਸਾਰਾ ਸਾਲਾ ਬਿਜਲੀ ਵਿਭਾਗ ਦੇ ਅਧਿਕਾਰੀ ਕਦੇ ਮੀਟਰ ਦੀ ਰੀਡਿੰਗ ਲੈਣ ਨਹੀਂ ਆਏ ਪਰ ਹੁਣ ਲੱਖਾਂ ਦਾ ਬਿੱਲ ਭੇਜ ਦਿੱਤਾ, ਜਿਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਬਿਜਲੀ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਦੀ ਲਾਪਰਵਾਹੀ ਦਾ ਜੁਰਮਾਨਾ ਗੁਰੂਘਰ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਗੁਰੂਘਰ ਦਾ ਬਿੱਲ ਸਹੀ ਕਰਨ ਲਈ ਕਿਹਾ ਹੈ।
ਉਧਰ, ਜਦੋਂ ਇਸ ਮਾਮਲੇ ਨੂੰ ਲੈ ਕਿ ਬਿਜਲੀ ਵਿਭਾਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਮਾਮਲੇ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
- PTC NEWS