Weather: ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ, ਪੰਜਾਬ ਦੇ ਮੌਸਮ ਬਾਰੇ ਜਾਣੋ ਕੀ ਹੈ ਭਵਿੱਖਬਾਣੀ
Weather News: ਪੰਜਾਬ (Punjab) ਤੇ ਹਰਿਆਣਾ (Haryana) ਅੰਦਰ ਮੌਸਮ 'ਚ ਤਬਦੀਲੀ ਅਤੇ ਪੱਛਮੀ ਗੜਬੜੀ (ਵੈਸਟਨ ਡਿਸਟਰਬੈਂਸ) ਦਾ ਪ੍ਰਭਾਵ ਘੱਟ ਹੋਣ ਤੋਂ ਬਾਅਦ ਮੌਸਮ ਵਿੱਚ ਸੁਧਾਰ ਹੋਣ ਲੱਗਾ ਹੈ। ਹਾਲਾਂਕਿ ਸੋਮਵਾਰ ਦੋਵਾਂ ਸੂਬਿਆਂ ਦੇ ਪੇਂਡੂ ਖੇਤਰਾਂ 'ਚ ਧੁੰਦ ਛਾਈ ਹੋਈ ਹੈ, ਜਦੋਂਕਿ ਸ਼ਹਿਰਾਂ ਵਿੱਚ ਬੱਦਲ ਛਾਏ ਹੋਏ ਹਨ। ਮੀਂਹ ਦੇ ਖਦਸ਼ੇ ਦੇ ਮੱਦੇਨਜ਼ਰ ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਜ਼ਿਲ੍ਹੇ 'ਚ ਵੀ ਧੁੰਦ ਛਾਈ ਹੋਈ ਹੈ।
ਮੌਸਮ ਵਿਭਾਗ (IMD) ਦੀ ਜਾਣਕਾਰੀ ਅਨੁਸਾਰ 6 ਫਰਵਰੀ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ ਅਤੇ ਦੋਵਾਂ ਸੂਬਿਆਂ 'ਚ ਮੰਗਲਵਾਰ ਤੱਕ ਆਸਮਾਨ ਸਾਫ਼ ਰਹੇਗਾ ਅਤੇ ਧੁੱਪ ਨਿਕਲਣ ਦੀ ਭਵਿੱਖਬਾਣੀ ਹੈ। ਉਪਰੰਤ ਹੀ ਹੌਲੀ ਹੌਲੀ ਤਾਪਮਾਨ 'ਚ ਵਾਧਾ ਹੋਣਾ ਸ਼ੁਰੂ ਹੋਵੇਗਾ।
ਸੋਮਵਾਰ ਨੂੰ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਕਰਨਾਲ, ਸੋਨੀਪਤ ਅਤੇ ਪਾਣੀਪਤ 'ਚ ਸਵੇਰੇ ਧੁੰਦ ਦਿਖਾਈ ਦਿੱਤੀ, ਜਦਕਿ ਨਾਰਨੌਲ, ਸਿਰਸਾ, ਜੀਂਦ ਅਤੇ ਕੁਰੂਕਸ਼ੇਤਰ ਸਮੇਤ ਕਈ ਜਿਲ੍ਹੇ ਬੱਦਲਾਂ ਨਾਲ ਘਿਰੇ ਰਹੇ। ਮੌਸਮ ਵਿਭਾਗ ਵੱਲੋ ਹਰਿਆਣਾ ਦੇ 22 ਜ਼ਿਲ੍ਹਿਆਂ 'ਚ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ 30-40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਦਾ ਅੰਦੇਸ਼ਾ ਪ੍ਰਗਟਾਇਆ ਗਿਆ ਹੈ।
ਜੇਕਰ ਚੰਡੀਗੜ੍ਹ (Chandigarh) ਦੀ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਰਹੇਗਾ ਅਤੇ ਤਾਪਮਾਨ 11 ਤੋਂ 15 ਡਿਗਰੀ ਵਿਚਕਾਰ ਰਹਿ ਸਕਦਾ ਹੈ। ਪੰਜਾਬ ਦੇ ਅੰਮ੍ਰਿਤਸਰ 'ਚ ਬੱਦਲ ਛਾਏ ਰਹਿ ਸਕਦੇ ਹਨ, ਧੁੰਦ ਵੀ ਜਾਰੀ ਰਹਿ ਸਕਦੀ ਹੈ। ਤਾਪਮਾਨ 8 ਤੋਂ 15 ਡਿਗਰੀ ਹੋਣ ਦੇ ਆਸਾਰ ਹਨ।
ਇਸਤੋਂ ਇਲਾਵਾ ਜਲੰਧਰ 'ਚ ਵੀ ਹਲਕੀ ਬੱਦਲਵਾਈ ਵੇਖੀ ਜਾ ਸਕਦੀ ਹੈ। ਜਿਥੇ 9 ਤੋਂ 17 ਡਿਗਰੀ ਤਾਪਮਾਨ ਰਹਿ ਸਕਦਾ ਹੈ। ਲੁਧਿਆਣਾ ਵਿੱਚ ਹਲਕੀ ਬੱਦਲਵਾਈ ਨਾਲ ਤਾਪਮਾਨ 9 ਤੋਂ 18 ਡਿਗਰੀ ਵਿਚਕਾਰ ਰਹੇਗਾ। ਮੋਹਾਲੀ 'ਚ ਬੱਦਲਵਾਈ ਨਾਲ ਮੀਂਹ ਦੀ ਵੀ ਸੰਭਾਵਨਾ ਹੈ ਅਤੇ ਤਾਪਮਾਨ 10 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
-