Pahalgam Terror Attack : ਪਹਿਲਗਾਮ ਹਮਲੇ 'ਚ ਸ਼ਾਮਲ ਅੱਤਵਾਦੀ ਦਾ ਘਰ ਸੁਰੱਖਿਆ ਬਲਾਂ ਨੇ ਬੰਬ ਨਾਲ ਉਡਾਇਆ , ਦੂਜੇ ਅੱਤਵਾਦੀ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹਿਆ
Pahalgam Terror Attack : ਪਹਿਲਗਾਮ ਹਮਲੇ ਵਿੱਚ ਸ਼ਾਮਲ ਸਥਾਨਕ ਅੱਤਵਾਦੀ ਆਦਿਲ ਹੁਸੈਨ ਥੋਕਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਦੇ ਗੋਰੀ ਇਲਾਕੇ ਵਿੱਚ ਸਥਿਤ ਘਰ ਨੂੰ ਸੁਰੱਖਿਆ ਬਲਾਂ ਨੇ ਬੰਬ ਨਾਲ ਉਡਾ ਦਿੱਤਾ ਹੈ। ਅੱਤਵਾਦੀ ਆਦਿਲ ਹੁਸੈਨ ਥੋਕਰ ਉਰਫ ਆਦਿਲ ਗੁਰੀ 'ਤੇ 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਹਮਲੇ ਦੀ ਯੋਜਨਾ ਬਣਾਉਣ ਅਤੇ ਇਸਨੂੰ ਅੰਜਾਮ ਦੇਣ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੀ ਮਦਦ ਕਰਨ ਦਾ ਆਰੋਪ ਹੈ।
ਇਸ ਦੇ ਨਾਲ ਹੀ ਇਸ ਹਮਲੇ ਵਿੱਚ ਸ਼ਾਮਲ ਇੱਕ ਹੋਰ ਸਥਾਨਕ ਅੱਤਵਾਦੀ ਆਸਿਫ਼ ਸ਼ੇਖ ਦੇ ਤ੍ਰਾਲ ਸਥਿਤ ਘਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਢਾਹ ਦਿੱਤਾ। ਦੋਵੇਂ ਸਥਾਨਕ ਅੱਤਵਾਦੀਆਂ ਦੀ ਪਛਾਣ ਬਿਜਬੇਹਾੜਾ ਦੇ ਰਹਿਣ ਵਾਲੇ ਆਦਿਲ ਹੁਸੈਨ ਥੋਕਰ ਅਤੇ ਤ੍ਰਾਲ ਦੇ ਰਹਿਣ ਵਾਲੇ ਆਸਿਫ ਸ਼ੇਖ ਵਜੋਂ ਹੋਈ ਹੈ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ AK-47 ਰਾਈਫਲਾਂ ਨਾਲ ਚਾਰ ਅੱਤਵਾਦੀਆਂ ਦੇ ਇੱਕ ਗਰੁੱਪ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਚਲਾਈਆਂ। ਇਸ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਜੰਮੂ-ਕਸ਼ਮੀਰ ਘੁੰਮਣ ਆਏ ਸਨ। ਅੱਤਵਾਦੀਆਂ ਵਿੱਚ ਦੋ ਸਥਾਨਕ ਲੋਕ ਵੀ ਸ਼ਾਮਲ ਸਨ।
2018 ਵਿੱਚ ਪਾਕਿਸਤਾਨ ਗਿਆ ਸੀ ਆਦਿਲ ਅਤੇ ਉੱਥੇ ਲਈ ਸੀ ਟ੍ਰੇਨਿੰਗ
ਸੂਤਰਾਂ ਅਨੁਸਾਰ ਆਦਿਲ 2018 ਵਿੱਚ ਅਟਾਰੀ-ਵਾਹਗਾ ਸਰਹੱਦ ਰਾਹੀਂ ਕਾਨੂੰਨੀ ਤੌਰ 'ਤੇ ਪਾਕਿਸਤਾਨ ਗਿਆ ਸੀ। ਪਾਕਿਸਤਾਨ ਵਿੱਚ ਆਪਣੇ ਠਹਿਰਨ ਦੌਰਾਨ ਉਸਨੇ ਇੱਕ ਅੱਤਵਾਦੀ ਕੈਂਪ ਵਿੱਚ ਸਿਖਲਾਈ ਪ੍ਰਾਪਤ ਕੀਤੀ ਅਤੇ ਪਿਛਲੇ ਸਾਲ ਜੰਮੂ ਅਤੇ ਕਸ਼ਮੀਰ ਵਾਪਸ ਆ ਗਿਆ।
ਪਹਿਲਗਾਮ ਹਮਲੇ ਦੇ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਅੱਤਵਾਦੀ ਪਸ਼ਤੂਨ ਭਾਸ਼ਾ ਵਿੱਚ ਆਪਸ ਵਿੱਚ ਗੱਲਾਂ ਕਰ ਰਹੇ ਸਨ। ਸੂਤਰਾਂ ਨੇ ਕਿਹਾ ਕਿ ਹਮਲੇ ਵਿੱਚ ਸ਼ਾਮਲ ਸਾਰੇ ਅੱਤਵਾਦੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ। ਹਾਲਾਂਕਿ, ਦ ਰੇਸਿਸਟੈਂਸ ਫਰੰਟ (TRF) ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਟੀਆਰਐਫ ਲਸ਼ਕਰ-ਏ-ਤੋਇਬਾ ਦਾ ਇੱਕ ਫਰੰਟ ਅੱਤਵਾਦੀ ਸਮੂਹ ਹੈ, ਜਿਸ ਦਾ ਇਸਤੇਮਾਲ ਹਮਲੇ ਨੂੰ ਇੱਕ ਸਵਦੇਸ਼ੀ ਸਮੂਹ ਦੇ ਕੰਮ ਦੇ ਰੂਪ 'ਚ ਦਰਸਾਉਣ ਲਈ ਕੀਤਾ ਗਿਆ।
- PTC NEWS