OMG! 13 ਸਾਲ ਦੀ ਕੁੜੀ ਨੂੰ ਭਜਾ ਕੇ ਲੈ ਗਿਆ ਮੁੰਡਾ, PUBG ਖੇਡਦਿਆਂ ਹੋਈ ਦੋਸਤੀ, Ghaziabad ਤੋਂ ਲੱਭੀ ਕੁੜੀ
ਜੇਕਰ ਤੁਹਾਡੇ ਵੀ ਬੱਚੇ ਮੋਬਾਈਲ 'ਤੇ ਆਨਲਾਈਨ ਗੇਮ ਖੇਡਦੇ ਹਨ ਤਾਂ ਜ਼ਰਾ ਚੌਕੰਨੇ ਹੋ ਜਾਓ, ਕਿਉਂਕਿ ਇਹ ਤੁਹਾਡੇ ਬੱਚਿਆਂ ਦੀ ਜਾਨ ਦਾ ਖੌਅ ਵੀ ਬਣ ਸਕਦੀ ਹੈ। ਕਿਉਂਕਿ ਅਜਿਹੀਆਂ ਕਈ ਘਟਨਾਵਾਂ ਪਿਛਲੇ ਸਮੇਂ ਵਿੱਚ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬੱਚੇ ਹੱਦੋਂ ਵੱਧ ਜਨੂੰਨੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਮਮਦੋਟ ਤੋਂ ਸਾਹਮਣੇ ਆਇਆ ਹੈ, ਜਿਥੋਂ ਦੀ ਇੱਕ ਕੁੜੀ ਗੇਮ ਖੇਡਦੀ-ਖੇਡਦੀ ਉਤਰ ਪ੍ਰਦੇਸ਼ ਦੇ ਗਾਜੀਆਬਾਦ ਪਹੁੰਚ ਗਈ। ਹਾਲਾਂਕਿ ਪੁਲਿਸ ਨੇ 13 ਸਾਲਾ ਇਸ ਬੱਚੀ ਨੂੰ ਬਰਾਮਦ ਕਰਕੇ ਮਾਪਿਆਂ ਸਪੁਰਦ ਕਰ ਦਿੱਤਾ ਹੈ, ਪਰ ਇਹ ਮਾਪਿਆਂ ਲਈ ਸਾਵਧਾਨੀ ਵਰਤਣ ਵਾਲੀ ਖ਼ਬਰ ਹੈ।
ਘਟਨਾ ਪਿੰਡ ਜੱਲੋਕੇ ਦੀ ਹੈ, ਜਿਥੋਂ ਦੇ ਇੱਕ ਪਰਿਵਾਰ ਦੀ 13 ਸਾਲਾ ਬੱਚੀ ਨੂੰ ਪਬਜ਼ੀ ਗੇਮ ਖੇਡਣ ਦਾ ਅਜਿਹਾ ਸ਼ੌਕ ਚੜ੍ਹਿਆ ਕਿ ਗੇਮ ਖੇਡਦੇ-ਖੇਡਦੇ ਉਸ ਦੀ ਦੋਸਤੀ ਆਨਲਾਈਨ ਹੀ ਇੱਕ ਨੌਜਵਾਨ ਨਾਲ ਹੋ ਗਈ। ਇਸ ਦੌਰਾਨ ਬੱਚੀ ਦੀ ਰੋਜ਼ਾਨਾ ਮੁੰਡੇ ਨਾਲ ਆਨਲਾਈਨ ਗੇਮ ਖੇਡਦਿਆਂ ਗੱਲਬਾਤ ਹੁੰਦੀ ਰਹੀ ਅਤੇ ਦੋਸਤੀ ਗੂੜ੍ਹੀ ਹੁੰਦੀ ਰਹੀ। ਅਖੀਰ ਇੱਕ ਦਿਨ ਉਹ ਮੁੰਡੇ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਅਤੇ ਉਸ ਨਾਲ ਉਤਰ ਪ੍ਰਦੇਸ਼ ਉਸ ਦੇ ਘਰ ਜਾਣ ਲਈ ਵੀ ਤਿਆਰ ਹੋ ਜਾਂਦੀ ਹੈ, ਜਿਸ ਪਿੱਛੋਂ ਪਬਜ਼ੀ ਖੇਡਣ ਵਾਲਾ ਮੁੰਡਾ ਖੁਦ ਮਮਦੋਟ ਆ ਕੇ ਉਸ ਨੂੰ ਗਾਜੀਆਬਾਦ ਲੈ ਜਾਂਦਾ ਹੈ।
ਪਰਿਵਾਰ ਵਿੱਚ ਬੱਚੀ ਦੇ ਇਸ ਤਰ੍ਹਾਂ ਅਚਾਨਕ ਘਰੋਂ ਗਾਇਬ ਹੋਣ ਕਾਰਨ ਹਾਹਾਕਾਰ ਮੱਚ ਗਈ ਅਤੇ ਲਗਾਤਾਰ ਬੱਚੀ ਦੀ ਭਾਲ ਕਰਨ ਲੱਗੇ, ਪਰ ਕਿਧਰੇ ਵੀ ਬੱਚੀ ਦੀ ਕੋਈ ਥਹੁ ਪਤਾ ਨਹੀਂ ਲੱਗਾ। ਅਖੀਰ ਪਰਿਵਾਰ ਵੱਲੋਂ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਮਮਦੋਟ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਬੱਚੀ ਦੀ ਉਤਰ ਪ੍ਰਦੇਸ਼ ਦੇ ਗਾਜੀਆਬਾਦ ਵਿੱਚ ਲੋਕੇਸ਼ਨ ਟਰੇਸ ਕੀਤੀ ਗਈ ਅਤੇ ਆਖਿਰ ਪਤਾ ਲੱਗਿਆ ਕਿ ਬੱਚੀ ਗਾਜੀਆਬਾਦ ਪਹੁੰਚ ਗਈ ਹੈ। ਪੁਲਿਸ ਨੇ ਅੱਜ ਕੁੜੀ ਨੂੰ ਟ੍ਰੇਸ ਕਰਕੇ ਬਰਾਮਦ ਕਰ ਲਿਆ ਅਤੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ 'ਤੇ ਬੱਚੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਜਾਂਚ ਉਪਰੰਤ ਬੱਚੀ ਨੂੰ ਗਾਜੀਆਬਾਦ ਤੋਂ ਬਰਾਮਦ ਕਰ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਅੰਜੂ ਨੇ ਦੱਸਿਆ ਕਿ ਗੇਮ ਖੇਡਦੇ ਹੋਏ ਦੋਵਾਂ ਵਿੱਚ ਦੋਸਤੀ ਹੋਈ ਸੀ ਅਤੇ ਦੋਵਾਂ ਨੇ ਮਿਲਣ ਦਾ ਪਲਾਨ ਬਣਾਇਆ ਸੀ, ਜਿਸ ਤੋਂ ਬਾਅਦ ਨੌਜਵਾਨ ਉਸ ਨੂੰ ਮਮਦੋਟ ਤੋਂ ਗਾਜੀਆਬਾਦ ਲੈ ਗਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਨੂੰ ਗਾਜੀਆਬਾਦ ਰਹਿੰਦੇ ਹੋਏ ਮਹੀਨਾ ਹੋ ਗਿਆ ਸੀ ਅਤੇ ਹੁਣ ਬਰਾਮਦ ਕਰਦੇ ਹੋਏ ਮਾਪਿਆਂ ਨੂੰ ਸਪੁਰਦ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਰੋਪੀ ਅਜੇ ਫਰਾਰ ਹੈ।
- PTC NEWS