Bus Strike in Punjab : ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਭਲਕ ਤੋਂ 3 ਦਿਨ ਲਈ ਬੰਦ ਰਹਿਣਗੀਆਂ ਬੱਸਾਂ...ਪੜ੍ਹੋ ਪੂਰੀ ਖਬਰ
Punjab Bus Strike News : ਜੇਕਰ ਤੁਸੀ ਰੋਜ਼ਾਨਾ ਬੱਸਾਂ 'ਚ ਸਫ਼ਰ ਕਰਦੇ ਹੋ ਜਾਂ ਫਿਰ ਬੱਸ ਰਾਹੀਂ ਕਿਸੇ ਦੂਜੇ ਸ਼ਹਿਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ 6 ਜਨਵਰੀ ਤੋਂ 8 ਜਨਵਰੀ ਤੱਕ ਬੱਸਾਂ ਲਈ ਖੱਜਲ-ਖੁਆਰ ਹੋਣਾ ਪੈ ਸਕਦਾ ਹੈ। ਪੰਜਾਬ ’ਚ ਇਨ੍ਹਾਂ 3 ਦਿਨਾਂ ਦੌਰਾਨ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਜਿਸ ਕਾਰਨ ਆਮ ਲੋਕ ਸੋਚ ਸਮਝ ਕੇ ਹੀ ਘਰ ਤੋਂ ਬਾਹਰ ਨਿਕਲਣ। ਇਸ ਸਬੰਧੀ ਪੀਆਰਟੀਸੀ ਤੇ ਪਨਬੱਸ ਮੁਲਾਜ਼ਮ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮ ਯੂਨੀਅਨ ਵੱਲੋਂ ਬੀਤੇ ਦਿਨਾਂ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਮੀਟਿੰਗ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇਤ ਹੋਰ ਕਈ ਮੰਗਾਂ ਸਬੰਧੀ ਚਰਚਾ ਹੋਈ ਸੀ। ਪਰ ਮੀਟਿੰਗ ਬੇਸਿੱਟਾ ਰਹਿਣ ਕਾਰਨ ਪੀਆਰਟੀਸੀ ਤੇ ਪਨਬੱਸ ਮੁਲਾਜ਼ਮ ਯੂਨੀਅਨ ਵੱਲੋਂ ਤਿੰਨ ਦਿਨਾਂ ਲਈ, ਭਾਵ 6 ਤੋਂ ਲੈ ਕੇ 8 ਜਨਵਰੀ ਤੱਕ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸਤੋਂ ਇਲਾਵਾ ਯੂਨੀਅਨ ਵੱਲੋਂ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ 7 ਅਤੇ 8 ਜਨਵਰੀ ਨੂੰ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿਖੇ ਸੀਐੱਮ ਰਿਹਾਇਸ਼ ਸਾਹਮਣੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਅੱਜ ਸ਼ਾਮ ਨੂੰ ਥੰਮ੍ਹ ਜਾਵੇਗਾ ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ!
ਜਾਣਕਾਰੀ ਅਨੁਸਾਰ ਪੰਜਾਬ 'ਚ ਪੀਆਰਟੀਸੀ ਅਤੇ ਪਨਬਸ ਯੂਨੀਅਨ ਦੀ ਹੜਤਾਲ ਦੇ ਸੱਦੇ ਦਾ ਅਸਰ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਦੇ ਬੇੜੇ ਵਿੱਚ ਇਸ ਸਮੇਂ 1300 ਪੀਆਰਟੀਸੀ ਅਤੇ 1700 ਪਨਬੱਸਾਂ ਚਲਦੀਆਂ ਹਨ, ਜਿਨ੍ਹਾਂ ਰਾਹੀਂ ਰੋਜ਼ਾਨਾ ਲੱਖਾਂ ਲੋਕ ਸਫ਼ਰ ਕਰਕੇ ਆਪਣੀ ਮੰਜਿਲ 'ਤੇ ਪਹੁੰਚਦੇ ਹਨ, ਪਰ ਹੁਣ ਲਗਾਤਾਰ 3 ਦਿਨ ਇਨ੍ਹਾਂ ਬੱਸਾਂ ਦਾ ਚੱਕਾ ਜਾਮ ਰੱਖਿਆ ਜਾਵੇਗਾ।
ਯੂਨੀਅਨ ਵੱਲੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਬੱਸਾਂ ਐਤਵਾਰ ਸ਼ਾਮ 5 ਜਨਵਰੀ ਨੂੰ ਬੱਸ ਸਟੈਂਡਾਂ 'ਚ ਖੜੀਆਂ ਕਰ ਦਿੱਤੀਆਂ ਜਾਣ ਦੀ ਵੀ ਸਮੂਹ ਡਰਾਈਵਰ ਅਤੇ ਕੰਡਕਟਰਾਂ ਨੂੰ ਅਪੀਲ ਕੀਤੀ ਗਈ ਹੈ। ਇਸਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰੂਟਾਂ ਵਾਲੀਆਂ ਬੱਸਾਂ ਨੂੰ ਵੀ ਰਾਤ 12 ਵਜੇ ਤੱਕ ਮੁੜ ਆਉਣ ਦੀ ਅਪੀਲ ਕੀਤੀ ਗਈ ਹੈ।
- PTC NEWS