Punjab Machinery Misuse: ਅਰਵਿੰਦ ਕੇਜਰੀਵਾਲ ਦੀ ਰੈਲੀ ’ਚ ਰੁੱਝੀਆਂ ਸਰਕਾਰੀ ਬੱਸਾਂ, ਬੱਸ ਅੱਡੇ 'ਤੇ ਮੁਸਾਫਰ ਹੋ ਰਹੇ ਖੱਜ਼ਲ ਖੁਆਰ
Punjab Bus Duties in Arvind Kejriwal Rally: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਪਟਿਆਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹੋਣਗੇ। ਦੂਜੇ ਪਾਸੇ ਇਸ ਰੈਲੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਲਈ ਖ਼ਾਸ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪਰ ਦੂਜੇ ਪਾਸੇ ਇਸ ਰੈਲੀ ਨੂੰ ਲੈ ਕੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਲੈ ਕੇ ਪੰਜਾਬ ਰੋਡਵੇਜ਼ ਨੂੰ ਬਰੇਕਾਂ ਲੱਗ ਗਈਆਂ ਹਨ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ 1300 ਬੱਸਾਂ ਦੀ ਲਾਈ ਕੇਜਰੀਵਾਲ ਦੀ ਰੈਲੀ ਲਈ ਡਿਊਟੀ ਲਗਾਈ ਗਈ ਹੈ।
ਇਸ ਸਬੰਧੀ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਆਈਆਂ ਹਨ। ਕੱਚੇ ਮੁਲਾਜ਼ਮਾਂ ਨੇ ਦੱਸਿਆ ਕਿ ਰੋਡਵੇਜ਼ ਦੀਆਂ ਬੱਸਾਂ ਸਵਾਰੀਆਂ ਨੂੰ ਛੱਡ ਰੈਲੀ ’ਚ ਭੀੜ ਇਕੱਠੀ ਕਰਨ ਦੇ ਲਈ ਲਗਾਈਆਂ ਗਈਆਂ ਹਨ। ਤਕਰੀਬਨ 1300 ਬੱਸਾਂ ਦੀ ਡਿਊਟੀ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਦੀ ਰੈਲੀ ’ਚ ਲਗਾਈ ਗਈ ਹੈ।
ਇਸ ਸਬੰਧੀ ਡਰਾਈਵਰ ਨੇ ਦੱਸਿਆ ਕਿ ਪਟਿਆਲਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਹੈ ਦੂਜੇ ਪਾਸੇ ਆਮ ਲੋਕ ਪਰੇਸ਼ਾਨ ਹਨ ਕਿਉਂਕਿ ਜਿੰਨੀਆਂ ਵੀ ਸਰਕਾਰੀ ਬੱਸਾਂ ਹਨ ਚਾਹੇ ਉਹ ਪੰਜਾਬ ਰੋਡਵੇਜ਼ ਦੀਆਂ ਹੋਣ ਪੀਆਰਟੀਸੀ ਜਾਂ ਪਨਬਸ ਹੋਵੇ ਸਾਰਿਆਂ ਦੀਆਂ ਡਿਊਟੀਆਂ ਇਸ ਰੈਲੀ ਦੇ ਵਿੱਚ ਇਕੱਠ ਕਰਨ ਤੇ ਲਗਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਹਲਕਾਂ ਇੰਚਾਰਜਾਂ ਨੂੰ ਵੱਖ-ਵੱਖ ਬੱਸਾਂ ਪ੍ਰੋਵਾਈਡ ਕੀਤੀਆਂ ਗਈਆਂ ਹਨ ਅਤੇ ਇਹਨਾਂ ਨੂੰ ਕਿਹਾ ਗਿਆ ਹੈ ਕਿ ਬੱਸਾਂ ਵੱਧ ਤੋਂ ਵੱਧ ਭਰ ਕੇ ਪਟਿਆਲਾ ਭੇਜੀਆਂ ਜਾਣ ਇਸ ਸਮੇਂ ਉਹ ਮੁਹਾਲੀ ਦੇ ਲਾਂਡਰਾਂ ਚੌਂਕ ਦੇ ਵਿੱਚ ਮੌਜੂਦ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਬੱਸਾਂ ਭਰੀਆਂ ਜਾ ਰਹੀਆਂ ਹਨ। ਵੱਖ-ਵੱਖ ਪਿੰਡਾਂ ਤੋਂ ਲੋਕ ਇਕੱਠੇ ਕਰਕੇ ਇੱਥੇ ਹੀ ਲਿਆਂਦੇ ਜਾ ਰਹੇ ਹਨ। ਕਈ ਬੱਸਾਂ ਇਥੋਂ ਰਵਾਨਾ ਵੀ ਹੋ ਚੁੱਕੀਆਂ ਹਨ।
ਉਥੇ ਹੀ ਦੂਜੇ ਪਾਸੇ ਅੱਡੇ ਉੱਤੇ ਖੜੀਆਂ ਸਵਾਰੀਆਂ ਆਪਣੀ ਬੱਸ ਦੇ ਇੰਤਜ਼ਾਰ ਦੇ ਵਿੱਚ ਹਨ ਜਿਨਾਂ ਨੂੰ ਸਵੇਰ ਤੋਂ ਕੋਈ ਬੱਸ ਵੀ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹ ਬਹੁਤ ਹੀ ਜਿਆਦਾ ਪਰੇਸ਼ਾਨ ਹਨ। ਪਰ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਆਖਣ ਵਾਲੀ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।
ਕਾਬਿਲੇਗੌਰ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਰੈਲੀ ’ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ’ਤੇ ਸਵਾਲ ਉੱਠੇ ਸੀ।
ਇਹ ਵੀ ਪੜ੍ਹੋ: https://www.ptcnews.tv/news-in-punjabi/dead-bodies-of-3-sisters-found-in-trunk-in-jalandhar-731940
- PTC NEWS