ਪੰਜਾਬ ਸਰਕਾਰ ਖ਼ਿਲਾਫ਼ ਗਰਜੇ ਸਫ਼ਾਈ ਤੇ ਫਾਇਰ ਬ੍ਰਿਗੇਡ ਮੁਲਾਜ਼ਮ, 4 ਵਜੇ ਤੱਕ ਆਵਾਜਾਈ ਰਹੇਗੀ ਠੱਪ
ਜਲੰਧਰ: ਪੰਜਾਬ ਮਜ਼ਦੂਰ ਸਫ਼ਾਈ ਫੈਡਰੇਸ਼ਨ ਦੇ ਸੱਦੇ ਉਤੇ ਨਗਰ ਨਿਗਮ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਪੀਏਪੀ ਚੌਕ ਵਿਚ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਰੋਸ ਵਜੋਂ ਜਲੰਧਰ-ਹਾਈਵੇ ਉਤੇ ਆਵਾਜਾਈ ਨੂੰ ਰੋਕ ਦਿੱਤਾ। ਇਸ ਕਾਰਨ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਸ਼ਾਮ 4 ਵਜੇ ਤੱਕ ਧਰਨਾ ਦੇਣ ਦੀ ਰੂਪਰੇਖਾ ਉਲੀਕੀ ਗਈ। ਇਸ ਤਰ੍ਹਾਂ ਸ਼ਾਮ 4 ਵਜੇ ਤੱਕ ਆਵਾਜਾਈ ਠੱਪ ਰਹੇਗੀ।
ਨਗਰ ਨਿਗਮ 'ਚ ਸਫ਼ਾਈ ਸੇਵਾਕਾਂ ਦੀ ਪੱਕੀ ਭਰਤੀ ਅਤੇ ਫਾਇਰ ਬ੍ਰਿਗੇਡ 'ਚ ਆਉਟਸੋਰਸ ਭਰਤੀ ਫਾਇਰਮੈਨ ਨੂੰ ਭਰਤੀ 'ਚ ਪਹਿਲ ਦੀ ਮੰਗ ਨੂੰ ਲੈ ਕੇ ਯੂਨੀਅਨਾਂ ਨੇ ਪੀਏਪੀ ਚੌਕ 'ਚ ਧਰਨਾ ਲਗਾ ਦਿੱਤਾ ਹੈ। ਪੀਏਪੀ ਚੌਕ 'ਚ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਤੇ 15 ਮਿੰਟਾਂ 'ਚ ਹੀ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਲੰਧਰ ਤੋਂ ਲੁਧਿਆਣਾ ਜਾਂਦੀ ਸੜਕ ਪੂਰੀ ਤਰ੍ਹਾਂ ਬੰਦ ਹੈ। ਅਜਿਹੇ 'ਚ ਜੇਕਰ ਲੋਕ ਨੈਸ਼ਨਲ ਹਾਈਵੇ ਤੋਂ ਲੁਧਿਆਣਾ ਜਾਂ ਅੰਮ੍ਰਿਤਸਰ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਲੰਧਰ ਕੈਂਟ ਦਾ ਰਸਤਾ ਵਰਤਣਾ ਪਵੇਗਾ।
ਇਹ ਵੀ ਪੜ੍ਹੋ : ਸੰਗੀਤ ਪ੍ਰੋਗਰਾਮ ਦੌਰਾਨ ਗਾਇਕ ਸੋਨੂੰ ਨਿਗਮ ਤੇ ਟੀਮ ਉਪਰ ਹਮਲਾ, ਪੁਲਿਸ ਜਾਂਚ 'ਚ ਜੁਟੀ
ਭਾਵੇਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਸਿਰਫ਼ ਧਰਨਾ ਦਿੱਤਾ ਜਾਵੇਗਾ, ਟ੍ਰੈਫਿਕ ਜਾਮ ਨਹੀਂ ਕੀਤਾ ਜਾਵੇਗਾ ਪਰ ਜਦੋਂ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ 'ਚ ਪੁੱਜੇ ਤਾਂ ਟ੍ਰੈਫਿਕ ਜਾਮ ਕਰ ਦਿੱਤਾ ਗਿਆ। ਪੁਲਿਸ ਵੀ ਬਦਲਵੇਂ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਲੋਕ ਟ੍ਰੈਫਿਕ ਜਾਮ 'ਚ ਫਸੇ ਹੋਏ ਹਨ। ਉਧਰ, ਜੇਕਰ ਦੁਪਹਿਰ 12 ਵਜੇ ਲਤੀਫ਼ਪੁਰਾ ਸੰਘਰਸ਼ ਕਮੇਟੀ ਦਾ ਧਰਨਾ ਵੀ ਅਰਬਨ ਸਟੇਟ ਏਰੀਏ 'ਚ ਸ਼ੁਰੂ ਹੋਣ ਦੀ ਖ਼ਬਰ ਹੈ ਤਾਂ ਕੈਂਟ ਇਲਾਕੇ ਅਤੇ 66 ਫੁੱਟੀ ਰੋਡ ਵਾਲੇ ਇਲਾਕੇ ਵਿੱਚ ਵੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
- PTC NEWS