Kerala ByElections 2024 : ਵਾਇਨਾਡ ਤੋਂ ਪ੍ਰਿਯੰਕਾ ਗਾਂਧੀ ਜੇਤੂ, ਗਾਂਧੀ ਪਰਿਵਾਰ ਦੀ ਚੌਥੀ ਮਹਿਲਾ ਸਾਂਸਦ ਬਣੀ
Wayanad ByElection Result 2024 : ਵਾਇਨਾਡ ਸੰਸਦੀ ਸੀਟ 'ਤੇ ਹੋਈ ਉਪ ਚੋਣ ਦੇ ਰੁਝਾਨਾਂ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਲਗਾਤਾਰ ਆਪਣੀ ਲੀਡ ਮਜ਼ਬੂਤ ਕਰ ਰਹੀ ਹੈ ਅਤੇ ਫਿਲਹਾਲ ਉਹ 3 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਪ੍ਰਿਅੰਕਾ ਗਾਂਧੀ ਦੇ ਸਿਆਸੀ ਕਰੀਅਰ ਦੀ ਇਹ ਪਹਿਲੀ ਚੋਣ ਸੀ ਜਿੱਥੇ ਉਹ ਸੀਪੀਆਈ ਦੇ ਸੀਨੀਅਰ ਆਗੂ ਸੱਤਿਆਨ ਮੋਕੇਰੀ ਅਤੇ ਭਾਜਪਾ ਦੀ ਨਵਿਆ ਹਰੀਦਾਸ ਨਾਲ ਮੁਕਾਬਲਾ ਕਰ ਰਹੀ ਸੀ।
ਜ਼ਿਕਰਯੋਗ ਹੈ ਕਿ 2019 ਵਿੱਚ ਰਾਹੁਲ ਗਾਂਧੀ ਨੇ 4,31,770 ਵੋਟਾਂ ਨਾਲ ਅਤੇ 2024 ਵਿੱਚ 3,64,422 ਵੋਟਾਂ ਨਾਲ ਚੋਣ ਜਿੱਤੀ। ਰਾਹੁਲ ਗਾਂਧੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਵਾਇਨਾਡ ਸੀਟ ਖਾਲੀ ਕਰ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਅਮੇਠੀ ਤੋਂ ਸੰਸਦ ਮੈਂਬਰ ਬਣੇ ਰਹਿਣ ਦਾ ਫੈਸਲਾ ਕੀਤਾ ਸੀ। ਉਹ ਰਾਜਨੀਤੀ ਵਿੱਚ ਆਉਣ ਵਾਲੀ ਨਹਿਰੂ-ਗਾਂਧੀ ਪਰਿਵਾਰ ਦੀ 10ਵੀਂ ਮੈਂਬਰ ਹੈ।
ਗਾਂਧੀ ਪਰਿਵਾਰ ਦੀ ਚੌਥੀ ਮਹਿਲਾ ਬਣੀ ਸਾਂਸਦ
ਪ੍ਰਿਯੰਕਾ ਤੋਂ ਪਹਿਲਾਂ ਗਾਂਧੀ ਪਰਿਵਾਰ ਤੋਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਫਿਰੋਜ਼ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ, ਮੇਨਕਾ ਗਾਂਧੀ, ਵਰੁਣ ਗਾਂਧੀ ਅਤੇ ਰਾਹੁਲ ਗਾਂਧੀ ਰਾਜਨੀਤੀ ਵਿੱਚ ਆ ਚੁੱਕੇ ਹਨ। ਪ੍ਰਿਅੰਕਾ ਗਾਂਧੀ ਹੁਣ ਆਪਣੀ ਰਾਜਨੀਤੀ ਦੀ ਸ਼ੁਰੂਆਤ ਦੇਸ਼ ਦੇ ਦੱਖਣੀ ਹਿੱਸੇ ਤੋਂ ਕਰੇਗੀ। ਉਹ ਆਪਣੀ ਦਾਦੀ ਅਤੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਮਾਂ ਸੋਨੀਆ ਗਾਂਧੀ ਅਤੇ ਮਾਸੀ ਮੇਨਕਾ ਗਾਂਧੀ ਤੋਂ ਬਾਅਦ ਸੰਸਦ ਪਹੁੰਚਣ ਵਾਲੀ ਚੌਥੀ ਮਹਿਲਾ ਮੈਂਬਰ ਹੈ।
- PTC NEWS