ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼
ਸ੍ਰੀ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾਗੱਦੀ ਦੇ ਚੌਥੇ ਉਤਰਾਧਿਕਾਰੀ ਹੋਏ। ਜਿਨ੍ਹਾਂ ਨੇ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਨਾਲ ਦੂਰ ਕੀਤਾ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈ: ਨੂੰ ਪਿਤਾ ਸੋਢੀ ਹਰਿਦਾਸ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਚੂਨਾ ਮੰਡੀ, ਲਾਹੌਰ ਵਿਖੇ ਹੋਇਆ। ਗੁਰੂ ਰਾਮਦਾਸ ਜੀ ਘਰ ਵਿਚ ਜੇਠਾ ਪੁੱਤਰ ਹੋਣ ਕਰਕੇ ਇਨ੍ਹਾਂ ਦਾ ਨਾਮ ਜੇਠਾ ਹੀ ਪੈ ਗਿਆ। ਭਾਈ ਜੇਠਾ ਜੀ ਦੀ ਪਾਲਣਾ ਵੀ ਗੁਰਮਤਿ ਸੰਸਕਾਰਾਂ ਅਧੀਨ ਧਾਰਮਿਕ ਬਿਰਤੀ ਵਾਲੇ ਮਾਂ ਬਾਪ ਜੀ ਦੀ ਨਿਗਰਾਨੀ ਅਧੀਨ ਹੋਈ। ਪਰ ਛੋਟੀ ਉਮਰ ਦੇ ਵਿਚ ਮਾਤਾ ਜੀ ਚਲਾਣਾ ਕਰ ਗਏ ਅਤੇ 7 ਸਾਲ ਦੀ ਉਮਰ ਵਿਚ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ। ਮਾਤਾ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਭਾਈ ਜੇਠਾ ਜੀ ਇੱਕਲੇ ਰਹਿ ਗਏ। ਉਨ੍ਹਾਂ ਦੇ ਬਿਰਧ ਨਾਨੀ ਜੀ ਜੋ ਪਿੰਡ ਬਾਸਰਕੇ ਰਹਿੰਦੇ ਸਨ, ਉਹ ਭਾਈ ਜੇਠਾ ਜੀ ਨੂੰ ਆਪਣੇ ਨਾਲ ਲਾਹੌਰ ਤੋਂ ਪਿੰਡ ਬਾਸਰਕੇ ਲੈ ਗਏ। ਭਾਈ ਜੇਠਾ ਜੀ ਨੇ ਬਿਨ੍ਹਾਂ ਕਿਸੇ ਆਸਰੇ ਦੀ ਪਰਵਾਹ ਕੀਤਿਆਂ ਛੋਟੀ ਉਮਰ ਦੇ ਵਿਚ ਕਿਰਤ ਕਰਨੀ ਆਰੰਭ ਕਰ ਦਿੱਤੀ।ਕੁਝ ਸਮੇਂ ਬਾਅਦ ਭਾਈ ਜੇਠਾ ਜੀ ਦਾ ਮਿਲਾਪ ਗੁਰੂ ਅਮਰਦਾਸ ਜੀ ਨਾਲ ਹੋਇਆ। ਜਿਸਦੇ ਸਦਕਾ ਭਾਈ ਜੇਠਾ ਜੀ ਦੇ ਜੀਵਨ ਵਿਚ ਇਕ ਨਵਾਂ ਮੋੜ ਆਇਆ।
ਬਚਪਨ ਵਿਚ ਇੱਕਲੇ ਹੋਣ ਕਰਕੇ ਭਾਈ ਜੇਠਾ ਜੀ ਦੇ ਉੱਪਰ ਜ਼ਿੰਮੇਵਾਰੀ ਬਹੁਤ ਸੀ। ਕਿਰਤੀ ਪਰਿਵਾਰ ਵਿਚ ਜਨਮ ਹੋਣ ਕਰਕੇ ਭਾਈ ਜੇਠਾ ਜੀ ਬਚਪਨ ਤੋਂ ਹੀ ਬਹੁਤ ਮਿਹਨਤੀ ਸਨ।ਬਚਪਨ ਦੇ ਵਿਚ ਉਨ੍ਹਾਂ ਨੇ ਘੁੰਗਣੀਆਂ ਵੇਚਣ ਦਾ ਕੰਮ ਆਰੰਭ ਕੀਤਾ। ਉਸ ਸਮੇਂ ਦੌਰਾਨ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਕਾਰ ਸੇਵਾ ਦਾ ਕੰਮ ਆਰੰਭਿਆ ਹੋਇਆ ਸੀ। ਭਾਈ ਜੇਠਾ ਜੀ ਵੀ ਆਪਣੀ ਨਾਨੀ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਦੀਦਾਰ ਲਈ ਜਾਇਆ ਕਰਦੇ ਸਨ। ਭਾਈ ਜੇਠਾ ਜੀ ਵਲੋਂ ਕਿਰਤ ਵੀ ਕਰਨੀ, ਉਪਰੰਤ ਕਾਰ ਸੇਵਾ ਦੇ ਵਿਚ ਸ਼ਮੂਲੀਅਤ ਵੀ ਕਰਨੀ। ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਸਮੇਂ ਦੋਰਾਨ ਭਾਈ ਜੇਠਾ ਜੀ ਦੀ ਸ਼ਖਸੀਅਤ ਨੂੰ ਬਹੁਤ ਨੇੜੇ ਤੋਂ ਵੇਖਿਆ ਸੀ। ਗੁਰੂ ਸਾਹਿਬ ਭਾਈ ਜੇਠਾ ਜੀ ਦੀ ਲਗਨ, ਗੁਰੂ ਘਰ ਪ੍ਰਤੀ ਸ਼ਰਧਾ ਤੇ ਸੇਵਾ ਭਾਵਨਾ ਨੂੰ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਸਨ। ਇਸ ਲਈ ਗੁਰੂ ਸਾਹਿਬ ਨੇ ਭਾਈ ਜੇਠਾ ਜੀ ਨੂੰ ਉਨ੍ਹਾਂ ਦੇ ਗੁਣਾਂ ਦੀ ਪਰਖ ਕਰਦੇ ਹੋਏ ਆਪਣੇ ਹੀ ਪਰਿਵਾਰ ਦਾ ਹਿੱਸਾ ਬਣਾਉਣ ਦਾ ਮਨ ਬਣਾ ਲਿਆ ਅਤੇ ਸੰਨ 1553 ਈ: ਨੂੰ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ, ਜੇਠਾ ਜੀ ਨਾਲ ਕਰ ਦਿੱਤਾ। ਭਾਈ ਜੇਠਾ ਜੀ ਦੀ ਨਿਸ਼ਕਾਮ ਭਗਤੀ ਅਤੇ ਅਧਿਆਤਮਕਤਾ ਦੀ ਪਹਿਚਾਣ ਕਰਦੇ ਹੋਏ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਹੀ ਰੱਖ ਲਿਆ। ਭਾਈ ਜੇਠਾ ਜੀ ਨੇ ਬੜੀ ਨਿਰਮਾਣਤਾ ਅਤੇ ਹਲੀਮੀ ਦੇ ਨਾਲ ਗੁਰੂ ਅਮਰਦਾਸ ਜੀ ਅਤੇ ਸੰਗਤ ਦੀ ਸੇਵਾ ਕੀਤੀ। ਭਾਈ ਜੇਠਾ ਜੀ ਨੇ ਕਦੇ ਵੀ ਗੁਰੂ ਅਮਰਦਾਸ ਜੀ ਨੂੰ ਸਹੁਰੇ ਦੀ ਹੈਸੀਅਤ ਦੇ ਨਾਲ ਨਹੀਂ ਵੇਖਿਆ ਬਲਕਿ ਪਰਮਾਤਮਾ ਦਾ ਅਗੰਮੀ ਨੂਰ ਜਾਣ ਕੇ ਉਨ੍ਹਾਂ ਦੀ ਤਨੋਂ ਮਨੋਂ ਸੇਵਾ ਕੀਤੀ। ਸਮਾਂ ਬੀਤਿਆ ਭਾਈ ਜੇਠਾ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ। ਬਾਉਲੀ ਸਾਹਿਬ ਦਾ ਨਿਰਮਾਣ ਕਾਰਜ ਸੰਪੂਰਨ ਹੋਣ ਤੋਂ ਕੁਝ ਸਮੇਂ ਬਾਅਦ ਗੁਰੂ ਅਮਰਦਾਸ ਜੀ ਨੇ ਧਰਮ ਅਤੇ ਵਾਪਾਰ ਦਾ ਇਕ ਵੱਡਾ ਕੇਂਦਰ ਸਥਾਪਿਤ ਕਰਨ ਦਾ ਮਨ ਬਣਾਇਆ ਤੇ ਇਸ ਕੰਮ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਸੋਂਪੀ ਗਈ। ਭਾਈ ਜੇਠਾ ਜੀ ਸੰਨ 1577 ਈ: ਵਿਚ ਅੰਮ੍ਰਿਤਸਰ ਵਿਚ 500 ਵਿਘੇ ਜ਼ਮੀਨ ਅਕਬਰ ਤੋਂ ਜਗੀਰ ਵਿਚ ਲਈ ਤੇ ਉਸ ਦੇ ਬਦਲੇ ਪਿੰਡ ਦੇ ਜ਼ਿਮੀਦਾਰਾਂ ਨੂੰ, ਜੋ ਇਸ ਜ਼ਮੀਨ ਦੇ ਮਾਲਿਕ ਸਨ, 700 ਅਕਬਰੀ ਰੁਪਏ ਦੇ ਕੇ ਖਰੀਦ ਲਈ। ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਹੋ ਗਿਆ। ਇਸ ਦਾ ਨਾਮ ਸ੍ਰੀ ਅੰਮ੍ਰਿਤਸਰ ਰੱਖਿਆ ਗਿਆ। ਉਨ੍ਹਾਂ 52 ਅਲੱਗ ਅਲੱਗ ਕੰਮ ਧੰਦਿਆਂ ਵਾਲੇ ਲੋਕਾਂ ਨੂੰ ਉਥੇ ਰਹਿਣ ਅਤੇ ਕਾਰੋਬਾਰ ਚਲਾਉਣ ਦੇ ਲਈ ਕਿਹਾ। ਇਸ ਬਾਜ਼ਾਰ ਨੂੰ ਹੁਣ ਗੁਰੂ ਕਾ ਬਾਜ਼ਾਰ ਵੀ ਕਿਹਾ ਜਾਂਦਾ ਹੈ। ਉਧਰ ਗੁਰੂ ਅਮਰਦਾਸ ਜੀ ਸਰੀਰਕ ਤੋਰ ’ਤੇ ਹੁਣ ਕਾਫੀ ਬਿਰਧ ਹੋ ਚੁੱਕੇ ਸਨ ਅਤੇ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਵੇਖ ਕੇ ਮਹਿਸੂਸ ਕੀਤਾ ਕਿ ਸੰਗਤਾਂ ਦੀ ਰਹਿਨੁਮਾਈ ਲਈ ਕਿਸੇ ਯੋਗ ਉਤਰਾਧਿਕਾਰੀ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੇ ਆਪਣੇ ਦੋਨੋਂ ਜਵਾਈਆਂ ਨੂੰ ਪਰਖਿਆ।
ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਬੁਲਾਇਆ। ਗੁਰੂ ਜੀ ਦਾ ਅਸਲ ਮਕਸਦ ਜ਼ਿੰਦਗੀ ਦੀ ਮਜ਼ਬੂਤ ਉਸਾਰੀ ਅਤੇ ਸਿਦਕ ਦੀ ਪਰਖ ਕਰਨਾ ਸੀ। ਭਾਈ ਜੇਠਾ ਜੀ ਇਸ ਪ੍ਰੀਖਿਆ ਦੇ ਵਿਚੋਂ ਪਾਸ ਹੋਏ। ਗੁਰੂ ਸਾਹਿਬ ਜੀ ਨੇ ਭਾਈ ਜੇਠਾ ਜੀ ਦਾ ਸਬਰ ਅਤੇ ਨਿਮਰਤਾ ਭਰਿਆ ਜੀਵਨ ਵੇਖ ਕੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੁਰਤਾਗੱਦੀ ਭਾਈ ਜੇਠਾ ਜੀ ਦੀ ਝੋਲੀ ਪਾ ਦਿੱਤੀ। ਗੁਰੂ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਸੰਨ 1574 ਈ: ਨੂੰ ਭਾਈ ਜੇਠਾ ਜੀ ਨੂੰ ਰਾਮਦਾਸ ਤੋਂ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਗਟ ਕੀਤਾ। ਜਿਸ ਬਾਰੇ ਬੜਾ ਸੋਹਣਾ ਫੁਰਮਾਣ ਹੈ:
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥
ਗੁਰੂ ਰਾਮਦਾਸ ਜੀ ਲਗਭਗ 7 ਸਾਲ ਗੁਰਤਾਗੱਦੀ ਤੇ ਬਿਰਾਜਮਾਨ ਰਹੇ ਤੇ ਸਿੱਖੀ ਦੀ ਵਾਗਡੋਰ ਸੰਭਾਲੀ ਅਤੇ ਫਿਰ ਉਨ੍ਹਾਂ ਅਨੇਕਾਂ ਲਾਸਾਨੀ ਕਾਰਜ ਕੀਤੇ। ਗੁਰੂ ਰਾਮਦਾਸ ਜੀ ਨੇ ਆਪਣੀ ਗੁਰਿਆਈ ਕਾਲ ਦੌਰਾਨ ਗੁਰੂ ਪਰੰਪਰਾ ਮੁਤਾਬਕ ਮਹਾਨ ਬਾਣੀ ਦੀ ਰਚਨਾ ਕੀਤੀ। ਆਪ ਪਹਿਲੇ ਬਾਣੀਕਾਰ ਸਨ ਜਿਨ੍ਹਾਂ ਇੱਕਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਵਿਚੋਂ 30 ਰਾਗਾਂ ਵਿਚ ਬਾਣੀ ਰਚਨਾ ਕੀਤੀ ਅਤੇ 22 ਵਾਰਾਂ ਵਿਚ ਸਭ ਤੋਂ ਵੱਧ 8 ਵਾਰਾਂ ਦੀ ਰਚਨਾ ਕੀਤੀ। ਆਪ ਜੀ ਦੀ ਬਾਣੀ ਪਹਿਲੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਹੀ ਵਿਸਤਾਰ ਕਰਦੀ ਹੈ। ਪ੍ਰਭੂ ਵਿਛੋੜੇ ਵਿੱਚ ਵੈਰਾਗ ਦੀ ਤੀਬਰਤਾ ਆਪ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਹੈ। ਗੁਰੂ ਸਾਹਿਬ ਦੁਆਰਾ ਜਿਨ੍ਹਾਂ ਰਾਗਾਂ ਵਿੱਚ ਬਾਣੀ ਰਚਨਾ ਕੀਤੀ ਗਈ ਉਹ ਰਾਗ ਹਨ: ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ, ਧਨਾਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ। ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿੱਚ ਵਾਰਾਂ, ਘੋੜੀਆਂ, ਲਾਵਾਂ, ਮਾਰੂ ਸੋਲਹੇ, ਕਰਹਲੇ, ਵਣਜਾਰਾ, ਪਹਿਰੇ, ਛੰਤ ਵਿਸ਼ੇਸ਼ ਤੋਰ ’ਤੇ ਵਰਣਨ ਯੋਗ ਹਨ। ਗੁਰੂ ਰਾਮਦਾਸ ਜੀ ਦੀ ਸਮੁੱਚੀ ਬਾਣੀ ਇਕ ਪਰਮਾਤਮਾ ਦੀ ਇਬਾਦਤ, ਆਪਸੀ ਭਾਈਚਾਰਕ ਸਾਂਝ ਅਤੇ ਸਮੁੱਚੇ ਸਮਾਜ ਲਈ ਚਾਨਣ ਮੁਨਾਰਾ ਹੈ। ਅੰਤ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਗੁਰਤਾਗੱਦੀ ਆਪਣੇ ਸਭ ਤੋਂ ਛੋਟੇ ਸੁਪੱਤਰ ਅਰਜਨ ਦੇਵ ਨੂੰ ਯੋਗ ਸਮਝਦੇ ਹੋਏ ਸੰਨ 1581 ਈ: ਨੂੰ ਉਨ੍ਹਾਂ ਦੀ ਝੋਲੀ ਪਾਈ ਅਤੇ ‘ਪਰਤਖਿ ਹਰਿ’ ਦੇ ਰੂਪ ਵਿਚ ਪ੍ਰਗਟ ਕੀਤਾ। ਕੁਝ ਸਮੇਂ ਬਾਅਦ ਗੁਰੂ ਰਾਮਦਾਸ ਜੀ ਵੀ ਜੋਤੀ ਜੋਤਿ ਸਮਾ ਗਏ।
- PTC NEWS