Pope Francis Death : ਨਹੀਂ ਰਹੇ ਪੋਪ ਫਰਾਂਸਿਸ , 88 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ , ਲੰਬੇ ਸਮੇਂ ਤੋਂ ਸਨ ਬਿਮਾਰ
Pope Francis Death : ਈਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਆਗੂ ਪੋਪ ਫਰਾਂਸਿਸ (Pope Francis Death ) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ 88 ਸਾਲ ਦੀ ਉਮਰ ਵਿੱਚ ਹੋਇਆ ਹੈ। ਵੈਟੀਕਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ।
ਵੈਟੀਕਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਧਰਮ ਗੁਰੂ ਸਨ। ਉਨ੍ਹਾਂ ਦੇ ਦੋਵੇਂ ਫੇਫੜਿਆਂ ਵਿੱਚ ਨਮੂਨੀਆ ਸੀ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਹ ਕਾਫ਼ੀ ਸਮੇਂ ਤੋਂ ਹਸਪਤਾਲ ਵਿੱਚ ਸਨ। ਉਹ 38 ਦਿਨਾਂ ਤੱਕ ਹਸਪਤਾਲ ਵਿੱਚ ਰਹੇ ਅਤੇ ਹਾਲ ਹੀ ਵਿੱਚ ਉਸਨੂੰ ਹਸਪਤਾਲ 'ਚੋਂ ਛੁੱਟੀ ਮਿਲੀ ਸੀ। ਉਨ੍ਹਾਂ ਦੀ ਮੌਤ ਉਨ੍ਹਾਂ ਦੇ ਨਿਵਾਸ ਸਥਾਨ ਕਾਸਾ ਸੈਂਟਾ ਮਾਰਟਾ (Casa Santa Marta) ਵਿਖੇ ਹੋਈ।
ਪੋਪ ਫਰਾਂਸਿਸ ਨੇ ਸੇਂਟ ਪੀਟਰਜ਼ ਸਕੁਏਅਰ ਵਿੱਚ 35,000 ਲੋਕਾਂ ਦੀ ਭੀੜ ਦਾ ਹੱਥ ਮਿਲਾ ਕੇ ਸਵਾਗਤ ਸਵੀਕਾਰ ਕੀਤਾ ਸੀ। ਵੈਟੀਕਨ ਦੇ ਕਾਰਡੀਨਲ ਕੇਵਿਨ ਫੈਰੇਲ ਨੇ ਕਿਹਾ ਕਿ ਪੋਪ ਫਰਾਂਸਿਸ ਦਾ ਪੂਰਾ ਜੀਵਨ ਪ੍ਰਭੂ ਅਤੇ ਚਰਚ ਦੀ ਸੇਵਾ ਲਈ ਸਮਰਪਿਤ ਸੀ।
ਦੱਸ ਦੇਈਏ ਕਿ ਉਨ੍ਹਾਂ ਦਾ ਜਨਮ ਅਰਜਨਟੀਨਾ ਵਿੱਚ ਹੋਇਆ ਸੀ ਅਤੇ ਉਸਦਾ ਨਾਮ ਜੋਰਜ ਮਾਰੀਓ ਬਰਗੋਲਿਓ ਸੀ। ਪੋਪ ਫਰਾਂਸਿਸ 2013 ਤੋਂ ਇਸ ਅਹੁਦੇ 'ਤੇ ਹਨ। ਉਨ੍ਹਾਂ ਨੇ ਪੋਪ ਬੇਨੇਡਿਕਟ XVI ਦੇ ਅਸਤੀਫ਼ੇ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ। ਕਾਰਡੀਨਲਾਂ ਨੇ ਉਸਨੂੰ 266ਵੇਂ ਪੋਪ ਵਜੋਂ ਚੁਣਿਆ ਸੀ। ਇਹ ਪਹਿਲਾ ਮੌਕਾ ਸੀ ,ਜਦੋਂ ਕਿਸੇ ਗੈਰ-ਯੂਰਪੀਅਨ ਨੂੰ ਪੋਪ ਬਣਾਇਆ ਗਿਆ ਸੀ।
- PTC NEWS