ਜੰਗਲੀ ਝਾੜੀਆਂ 'ਚ ਘਿਰੀ ਇਹ ਪੁਲਿਸ ਚੌਕੀ, ਜਾਣੋ ਪੂਰਾ ਮਾਮਲਾ
ਲੁਧਿਆਣਾ : ਅੱਤਵਾਦ ਦੇ ਦੌਰ ਵਿੱਚ ਪੰਜਾਬ ਪੁਲਿਸ ਦੁਆਰਾ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਸਨ। ਲੁਧਿਆਣਾ ਸ਼ਹਿਰ ਵਿੱਚ ਵੀ ਕਈ ਥਾਵਾਂ ’ਤੇ ਪੁਲੀਸ ਚੌਂਕੀਆਂ ਬਣਾਈਆਂ ਸਨ ਪਰ ਦਹਿਸ਼ਤ ਦਾ ਦੌਰ ਖ਼ਤਮ ਹੋਣ ਮਗਰੋਂ ਇਨ੍ਹਾਂ ਪੁਲੀਸ ਚੌਂਕੀਆਂ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਪੁਲੀਸ ਚੌਣਕੀਆਂ ਦਹਾਕਿਆਂ ਬਾਅਦ ਹੁਣ ਤਰਸਯੋਗ ਹਾਲਤ ਵਿੱਚ ਹਨ।
ਲੁਧਿਆਣਾ ਦੇ ਗਊਸ਼ਾਲਾ ਰੋਡ ’ਤੇ ਸ਼ਮਸ਼ਾਨਘਾਟ ਦੇ ਸਾਹਮਣੇ ਸਾਲ 1992 ਵਿੱਚ ਪੁਲਿਸ ਚੌਕੀ ਸਥਾਪਿਤ ਕੀਤੀ ਗਈ ਸੀ, ਜਿਸ ਦਾ ਉਦਘਾਟਨ ਉਸ ਸਮੇਂ ਦੇ ਏ.ਡੀ.ਜੀ.ਪੀ. ਚੰਦਰਸ਼ੇਖਰ ਨੇ ਕੀਤਾ ਸੀ। ਹੁਣ ਇਹ ਪੁਲਿਸ ਚੌਕੀ ਨੂੰ ਬੰਦ ਹੋਏ ਕਰੀਬ ਡੇਢ ਦਹਾਕਾ ਬੀਤ ਚੁੱਕਾ ਹੈ, ਜਿਸ ਕਾਰਨ ਇਸ ਦੀ ਇਮਾਰਤ ਖਸਤਾ ਹਾਲਤ ਵਿੱਚ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵੱਲੋਂ ਇਸ ਪਾਸੇ ਧਿਆਨ ਨਾ ਦੇਣ ਕਾਰਨ ਇਸ ਦੇ ਅੰਦਰ ਬੂਟੇ ਅਤੇ ਪੌਦੇ ਉੱਗ ਚੁੱਕੇ ਹਨ ਅਤੇ ਹੌਲੀ-ਹੌਲੀ ਇਹ ਖੰਡਰ ਬਣਨ ਦੇ ਰਾਹ ਪੈ ਗਿਆ ਹੈ।
ਇਸ ਬਾਰੇ ਡਵੀਜ਼ਨ ਨੰਬਰ 3 ਦੇ ਐਸ.ਐਚ.ਓ. ਗਗਨਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਲਾਕੇ ਵਿੱਚ ਪੁਲਿਸ ਚੌਕੀ ਸਥਾਪਿਤ ਹੋ ਜਾਵੇ ਤਾਂ ਕੋਈ ਵੀ ਸਮਾਜ ਵਿਰੋਧੀ ਅਨਸਰ ਸਿਰ ਨਹੀਂ ਚੁੱਕ ਸਕੇਗਾ। ਇਸ ਪੋਸਟ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਉਨ੍ਹਾਂ ਦੇ ਹੁਕਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
- PTC NEWS