Gidderbaha News : ਨਸ਼ਿਆਂ ਖਿਲਾਫ਼ ਰੇਡ ਕਰਨ ਗਈ ਪੁਲਿਸ 'ਤੇ ਇੱਟਾਂ -ਰੋੜਿਆਂ ਨਾਲ ਹਮਲਾ , ASI ਸਮੇਤ 2 ਪੁਲਿਸ ਮੁਲਾਜ਼ਮ ਜ਼ਖਮੀ
Gidderbaha News : ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਐਕਸ਼ਨ ਕੀਤੇ ਜਾ ਰਹੇ ਹਨ। ਨਸ਼ੇ ਸਬੰਧੀ ਇਤਲਾਹ ਮਿਲਣ 'ਤੇ ਰੇਡ ਕਰਨ ਗਈ ਗਿੱਦੜਬਾਹਾ ਪੁਲਿਸ ਨੂੰ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। ਇਲਾਕੇ ਦੀਆਂ ਝੁੱਗੀਆਂ 'ਚ ਪੁੱਜੀ ਪੁਲਿਸ ਟੀਮ 'ਤੇ ਚਾਰ ਲੋਕਾਂ ਨੇ ਇਕਠੇ ਹੋ ਕੇ ਇੱਟਾਂ- ਰੋੜਿਆਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। 2 ਪੁਲਿਸ ਮੁਲਾਜ਼ਮ ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ,ਜਿਨ੍ਹਾਂ ਦਾ ਇਲਾਜ ਇਸ ਵੇਲੇ ਸਥਾਨਕ ਹਸਪਤਾਲ ਵਿੱਚ ਜਾਰੀ ਹੈ। ਹਮਲਾ ਕਰਨ ਵਾਲਿਆਂ 'ਚ 2 ਔਰਤਾਂ ਵੀ ਸ਼ਾਮਿਲ ਹਨ, ਜੋ ਹਮਲੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਹਨ।
ਇਹ ਘਟਨਾ ਕੱਲ੍ਹ ਸ਼ਾਮ ਨੂੰ ਗਿੱਦੜਬਾਹਾ ਦੇ ਭਾਰੂ ਰੋਡ ਨੇੜੇ ਵਾਪਰੀ ਹੈ, ਜਿੱਥੇ ਨਸ਼ੇ ਸਬੰਧੀ ਮਿਲੀ ਇਕ ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਝੁੱਗੀਆਂ-ਝੋਪੜੀਆਂ ਵਾਲੇ ਇਲਾਕੇ 'ਚ ਰੇਡ ਕਰਨ ਦੀ ਕਾਰਵਾਈ ਕੀਤੀ। ਜਿਵੇਂ ਹੀ ਪੁਲਿਸ ਟੀਮ ਉਥੇ ਪਹੁੰਚੀ ਤਾਂ ਚਾਰ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਇੱਟਾਂ, ਰੋੜੇ ਅਤੇ ਲਾਠੀਆਂ ਦੀ ਵਰਤੋਂ ਕੀਤੀ ਗਈ, ਜਿਸ ਵਿੱਚ ਏਐਸਆਈ ਰਾਜ ਬਹਾਦਰ ਅਤੇ ਇਕ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਤੁਰੰਤ ਗਿੱਦੜਬਾਹਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਹਮਲਾ ਕਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਦੋ ਵਿਅਕਤੀ ਸ਼ਾਮਿਲ ਹਨ, ਜਿਨ੍ਹਾਂ ਨੇ ਪੁਲਿਸ 'ਤੇ ਹਿੰਸਕ ਹਮਲਾ ਕਰਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਨੇ ਮੌਕੇ 'ਤੇ ਹਾਲਾਤ ਸੰਭਾਲੇ ਪਰ ਹਮਲਾਵਰ ਫਰਾਰ ਹੋਣ ਵਿੱਚ ਕਾਮਯਾਬ ਰਹੇ।
ਇਸ ਵਾਕਏ ਤੋਂ ਬਾਅਦ ਜ਼ਖਮੀ ਏਐਸਆਈ ਰਾਜ ਬਹਾਦਰ ਦੇ ਬਿਆਨਾਂ ਦੇ ਆਧਾਰ 'ਤੇ ਇੱਕ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਉਚ ਅਧਿਕਾਰੀਆਂ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਨੇ ਪੁਲਿਸ ਟੀਮਾਂ ਦੀ ਸੁਰੱਖਿਆ 'ਤੇ ਵੀ ਸਵਾਲ ਖੜੇ ਕਰ ਦਿੱਤੇ ਹਨ, ਕਿਉਂਕਿ ਨਸ਼ੇ ਦੇ ਵਿਰੁੱਧ ਚੱਲ ਰਹੀਆਂ ਕਾਰਵਾਈਆਂ ਨੂੰ ਰੋਕਣ ਲਈ ਹੁਣ ਹਿੰਸਾ ਦਾ ਸਹਾਰਾ ਲਿਆ ਜਾ ਰਿਹਾ ਹੈ।
- PTC NEWS