PM Modi New Cabinet: ਇਨ੍ਹਾਂ ਸੰਸਦ ਮੈਂਬਰਾਂ ਨੂੰ ਮਿਲ ਸਕਦੀ ਹੈ ਮੋਦੀ 3.0 ਕੈਬਨਿਟ ਵਿੱਚ ਥਾਂ
PM Modi New Cabinet: ਸਿਆਸੀ ਗਲੀਆਰਿਆਂ 'ਚ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਮੋਦੀ ਕੈਬਨਿਟ 'ਚ ਕਿਸ ਪਾਰਟੀ ਨੂੰ ਕਿੰਨੇ ਮੰਤਰੀ ਅਹੁਦੇ ਮਿਲਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਜਦੋਂ ਕੇਸੀ ਤਿਆਗੀ ਤੋਂ ਪੁੱਛਿਆ ਗਿਆ ਕਿ ਜੇਡੀਯੂ ਮੋਦੀ ਕੈਬਨਿਟ ਵਿੱਚ ਕਿਹੜਾ ਮੰਤਰਾਲਾ ਲੈਣ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ, “ਦੇਖੋ, ਕਿਹੜਾ ਮੰਤਰਾਲਾ ਦਿੱਤਾ ਜਾਵੇਗਾ ਅਤੇ ਕਿਹੜਾ ਨਹੀਂ, ਇਹ ਪ੍ਰਧਾਨ ਮੰਤਰੀ ਦਾ ਅਧਿਕਾਰ ਹੈ।
ਸੂਤਰਾਂ ਦੀ ਮੰਨੀਏ ਤਾਂ ਮੋਦੀ ਮੰਤਰੀ ਮੰਡਲ 'ਚ ਕਈ ਸਹਿਯੋਗੀ ਦਲਾਂ ਦੇ ਸੰਸਦ ਮੈਂਬਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਜੇਡੀਯੂ ਤੋਂ ਰਾਮਨਾਥ ਠਾਕੁਰ ਅਤੇ ਲਲਨ ਸਿੰਘ ਕੈਬਨਿਟ ਮੰਤਰੀ ਬਣ ਸਕਦੇ ਹਨ, ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਹੈ। ਬਿਹਾਰ ਵਿੱਚ ਜੇਡੀਯੂ ਨੂੰ 12 ਸੀਟਾਂ ਮਿਲੀਆਂ ਹਨ। ਹਾਲਾਂਕਿ ਮੋਦੀ ਮੰਤਰੀ ਮੰਡਲ 'ਚ ਕਿਸ ਪਾਰਟੀ ਨੂੰ ਕਿੰਨੇ ਮੰਤਰੀ ਅਹੁਦੇ ਮਿਲਣ ਜਾ ਰਹੇ ਹਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਬੀਤੀ ਰਾਤ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਘਰ ਐਨਡੀਏ ਗਠਜੋੜ ਦੇ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੰਤਰਾਲਿਆਂ ਬਾਰੇ ਚਰਚਾ ਹੋਈ। ਮੋਦੀ 3.0 ਕੈਬਨਿਟ ਦਾ ਚਿਹਰਾ ਕਿਹੋ ਜਿਹਾ ਹੋਵੇਗਾ, ਇਸ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਐਨਡੀਏ ਦੀ ਸਹਿਯੋਗੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ), ਜਨਤਾ ਦਲ ਯੂਨਾਈਟਿਡ (ਜੇਡੀਯੂ) ਅਤੇ ਜਨਤਾ ਦਲ (ਸੈਕੂਲਰ) ਸਮੇਤ ਹੋਰ ਪਾਰਟੀਆਂ ਨੇ ਭਾਜਪਾ ਅੱਗੇ ਆਪਣੀਆਂ ਮੰਗਾਂ ਰੱਖੀਆਂ ਹਨ। ਹਾਲਾਂਕਿ ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਿਸ ਪਾਰਟੀ ਨੂੰ ਕਿਹੜਾ ਪੋਰਟਫੋਲੀਓ ਮਿਲਣ ਵਾਲਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਤੋਂ ਪਹਿਲਾਂ ਨਵੇਂ ਚੁਣੇ ਗਏ ਐਨਡੀਏ ਸੰਸਦ ਮੈਂਬਰ ਕੈਬਨਿਟ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਅੱਜ ਮੀਟਿੰਗ ਹੋਈ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਨਵੀਂ ਕੈਬਨਿਟ ਦੇ ਮੈਂਬਰ ਕੱਲ ਸ਼ਾਮ ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਸਹੁੰ ਚੁੱਕਣਗੇ। ਉਹ ਸੀਨੀਅਰ ਕਾਂਗਰਸੀ ਆਗੂ ਜਵਾਹਰ ਲਾਲ ਨਹਿਰੂ ਤੋਂ ਬਾਅਦ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।
2014 ਵਿੱਚ 282 ਅਤੇ 2019 ਵਿੱਚ 303 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਇਸ ਵਾਰ 240 ਸੀਟਾਂ ਜਿੱਤੀਆਂ (272 ਬਹੁਮਤ ਦੇ ਅੰਕ ਤੋਂ 32 ਘੱਟ), ਪਰ ਐਨਡੀਏ ਸਹਿਯੋਗੀ {ਚੰਦਰਬਾਬੂ ਨਾਇਡੂ ਦੀ ਟੀਡੀਪੀ (16 ਸੀਟਾਂ) ਅਤੇ ਨਿਤੀਸ਼ ਕੁਮਾਰ ਦੀ ਜੇ.ਡੀ.ਯੂ. (12 ਸੀਟਾਂ)} ਨੇ ਬਹੁਮਤ ਦਾ ਅੰਕੜਾ ਪਾਰ ਕੀਤਾ ਅਤੇ 293 ਸੀਟਾਂ ਹਾਸਲ ਕੀਤੀਆਂ। ਵਿਰੋਧੀ ਧਿਰ ਇੰਡੀਆ ਬਲਾਕ ਨੇ 232 ਸੀਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ: ਪੈਰਿਸ ਜਾਂਦੇ 389 ਯਾਤਰੀਆਂ ਵਾਲੇ ਜਹਾਜ਼ ਨੂੰ ਹਵਾ 'ਚ ਅਚਾਨਕ ਲੱਗੀ ਅੱਗ...ਮਸਾਂ ਹੋਇਆ ਬਚਾਅ...ਵੀਡੀਓ ਵਾਇਰਲ
- PTC NEWS