Pilibhit Encounter : ਜਸ਼ਨਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਦੇ ਪਰਿਵਾਰ ਆਏ ਸਾਹਮਣੇ, ਕਿਹਾ- ਸਾਡੇ ਪੁੱਤ ਬੇਕਸੂਰ...ਪੁਲਿਸ 'ਤੇ ਨਹੀਂ ਯਕੀਨ
Pilibhit Encounter : ਉਤਰ ਪ੍ਰਦੇਸ਼ ਦੇ ਪੀਲੀਭੀਤ 'ਚ ਪੁਲਿਸ ਐਨਕਾਊਂਟਰ 'ਚ ਮਾਰੇ ਗਏ ਤਿੰਨੋਂ ਮੁਲਜ਼ਮ ਸਰਹੱਦੀ ਕਸਬਾ ਕਲਾਨੌਰ ਦੇ ਵਸਨੀਕ ਸਨ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਹ ਤਿੰਨੇ ਨੌਜਵਾਨ ਗੁਰਦਾਸਪੁਰ ਦੀ ਬਖਸ਼ੀਵਾਲਾ ਚੌਕੀ 'ਚ ਗ੍ਰੇਨੇਡ ਹਮਲੇ ਦੇ ਮੁਲਜ਼ਮ ਸਨ ਅਤੇ ਖਾਲਿਸਤਾਨੀ ਜ਼ਿੰਦਾਬਾਦ ਫੋਰਸ ਦੇ ਮੈਂਬਰ ਸਨ। ਦੂਜੇ ਪਾਸੇ ਤਿੰਨ ਨੌਜਵਾਨਾਂ ਵਿਚੋਂ ਦੋ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਹਨ ਅਤੇ ਪੁਲਿਸ ਦੀ ਕਹਾਣੀ ਤੋਂ ਇਨਕਾਰ ਕੀਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਨ੍ਹਾਂ ਦੇ ਮੁੰਡੇ ਅਜਿਹਾ ਕਰ ਹੀ ਨਹੀਂ ਸਕਦੇ ਅਤੇ ਨਾ ਹੀ ਉਹ ਕਿਸੇ ਹਮਲੇ ਵਿੱਚ ਸ਼ਾਮਲ ਹੋ ਸਕਦੇ ਹਨ। ਪੀਟੀਸੀ ਨਿਊਜ਼ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨਾਲ ਜਾਣੋ ਕੀ ਗੱਲਬਾਤ ਹੋਈ...
ਦੱਸ ਦਈਏ ਕਿ ਤਿੰਨਾਂ ਨੌਜਵਾਨਾਂ ਦੀ ਪਛਾਣ ਜਸਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (ਉਮਰ 18 ਸਾਲ) ਪਿੰਡ ਨਿੱਕਾ ਸ਼ਾਹੂਰ, ਗੁਰਵਿੰਦਰ ਸਿੰਘ (ਉਮਰ 25 ਸਾਲ) ਵਾਸੀ ਮੁਹੱਲਾ ਕਲਾਨੌਰ ਅਤੇ ਵਰਿੰਦਰ ਸਿੰਘ ਉਰਫ਼ ਰਵੀ (ਉਮਰ 23 ਸਾਲ) ਵਾਸੀ ਪਿੰਡ ਅਗਵਾਨ ਵਜੋਂ ਹੋਈ ਹੈ।
ਜਸਨਪ੍ਰੀਤ ਦੀ ਮਾਤਾ ਪਰਮਜੀਤ ਕੌਰ ਨੇ ਕਿਹਾ ਕਿ ਉਸ ਨੇ ਮੁੰਡੇ ਨੂੰ ਘਰੋਂ ਗਿਆ 8 ਦਿਨ ਹੋ ਗਏ ਹਨ, ਨਾ ਹੀ ਉਸ ਦਾ ਫੋਨ ਲੱਗਿਆ ਹੈ ਅਤੇ ਨਾ ਹੀ ਉਸ ਦਾ ਫੋਨ ਆਇਆ। ਫੋਨ ਲਾਉਣ 'ਤੇ ਬੰਦ ਆਉ਼ਂਦਾ ਸੀ ਅਤੇ ਹੁਣ ਸਵੇਰੇ ਸਾਨੂੰ ਪੁਲਿਸ ਨੇ ਦੱਸਿਆ ਕਿ ਸਾਡੇ ਮੁੰਡੇ ਦਾ ਐਨਕਾਊਂਟਰ ਹੋ ਗਿਆ।
ਗੁਰਵਿੰਦਰ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤ ਅਜਿਹਾ ਨਹੀਂ...ਮੈਂ ਨਹੀਂ ਜਾਣਦੀ ਕੀ ਹੋਇਆ...ਲੋਕ ਜੋ ਮਰਜ਼ੀ ਕਹਿੰਦੇ ਰਹਿਣ, ਪਰ ਉਸ ਦਾ ਮੁੰਡਾ ਅਜਿਹਾ ਨਹੀਂ ਸੀ। ਇਹ ਤਿੰਨ ਭੈਣ-ਭਰਾ ਹਨ ਅਤੇ ਕਿਸੇ ਨੇ ਹੀ ਅਜਿਹਾ ਕੋਈ ਕੰਮ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਦਾ ਮੁੰਡਾ ਕੋਈ ਹਮਲੇ ਵਿੱਚ ਸ਼ਾਮਲ ਹੈ।
''ਅਜਿਹਾ ਨਹੀਂ ਹੋ ਸਕਦਾ ਕਿ ਸਾਡੇ ਪੁੱਤ ਨੇ ਕੋਈ ਬਲਾਸਟ ਕੀਤਾ ਹੋਵੇ''
ਅੱਖਾਂ 'ਚ ਹੰਝੂ ਲੈ ਕੇ ਬੈਠੀ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਦੀ ਮਾਂ ਸਰਬਜੀਤ ਕੌਰ ਅਤੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਪੁੱਤ ਬਾਰੇ ਸਵੇਰੇ ਐਨਕਾਊਂਟਰ ਬਾਰੇ ਆ ਕੇ ਜਾਣਕਾਰੀ ਦਿੱਤੀ, ਕਿ ਤੁਹਾਡਾ ਮੁੰਡਾ ਇਨਕਾਊਂਟਰ 'ਚ ਮਾਰਿਆ ਗਿਆ ਹੈ। ਗੁਰਵਿੰਦਰ ਸਿੰਘ ਬਾਰੇ ਉਨ੍ਹਾਂ ਦੱਸਿਆ ਕਿ ਉਹ ਅਜੇ 12 ਪਾਸ ਸੀ ਤੇ ਕੋਈ ਕੰਮ ਨਹੀਂ ਕਰਦਾ ਸੀ ਅਤੇ ਰੋਟੀ ਖਾ ਕੇ ਘਰੋਂ ਚਲਾ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ। ਮਾਪਿਆਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਹੁਣ ਪਿਛਲੇ 3-4 ਦਿਨਾਂ ਤੋਂ ਘਰ ਨਹੀਂ ਆਇਆ ਸੀ। ਉਨ੍ਹਾਂ ਦੱਸਿਆ ਕਿ ਫੋਨ ਮਿਲਾਇਆ ਤਾਂ ਉਸ ਨੇ ਕਿਹਾ ਕਿ ਉਹ ਆ ਜਾਵੇਗਾ, ਪਰ ਬਾਅਦ ਵਿੱਚ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ।
ਗੁਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਨ੍ਹਾਂ ਨੇ ਪੁਲਿਸ ਵੱਲੋਂ ਉਸ ਦੇ ਗ੍ਰੇਨੇਡ ਹਮਲੇ ਵਿੱਚ ਸ਼ਾਮਲ ਹੋਣ ਦੀ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ, ਉਨ੍ਹਾਂ ਕਿਹਾ ਕਿ ਅਜਿਹਾ ਹੋ ਹੀ ਨਹੀਂ ਸਕਦਾ ਕਿ ਉਸ ਨੇ ਬਲਾਸਟ ਕੀਤੇ ਹੋਣ। ਪਰਿਵਾਰ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਹੈ। ਅਸੀਂ ਸਿਰਫ਼ ਇਨਸਾਫ਼ ਦੀ ਮੰਗ ਹੀ ਕਰ ਸਕਦੇ ਹਾਂ।
- PTC NEWS