Punjab New AG Posting News : ਕੀ ਕੇਜਰੀਵਾਲ ਦਾ ਕਰੀਬੀ ਹੋਣ ਕਾਰਨ ਮਨਿੰਦਰਜੀਤ ਸਿੰਘ ਬੇਦੀ ਨੂੰ ਬਣਾਇਆ ਗਿਆ ਐਡਵੋਕੇਟ ਜਰਨਲ ? HC ’ਚ ਪਟੀਸ਼ਨ ਦਾਇਰ
Punjab New AG Posting On HC : ਪੰਜਾਬ ਦੇ ਨਵੇਂ ਬਣੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਦੀ ਨਿਯੁਕਤੀ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਦਰਅਸਲ ਐਡਵੋਕੇਟ ਜਗਮੋਹਨ ਸਿੰਘ ਭੱਟੀ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ।
ਦੱਸ ਦਈਏ ਕਿ ਐਡਵੋਕੇਟ ਭੱਟੀ ਨੇ ਇਸ ਨਿਯੁਕਤੀ ਨੂੰ ਸੰਵਿਧਾਨ ਦੀ ਧਾਰਾ 165 (1) ਦੀ ਉਲੰਘਣਾ ਦੱਸਿਆ। ਭੱਟੀ ਨੇ ਕਿਹਾ ਕਿ ਇਸ ਧਾਰਾ ਤਹਿਤ, ਸਿਰਫ਼ ਉਹ ਵਿਅਕਤੀ ਜੋ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਣ ਦੇ ਯੋਗ ਹੈ ਅਤੇ ਕਈ ਵੱਡੇ ਮਾਮਲਿਆਂ ਵਿੱਚ ਪੇਸ਼ ਹੋਇਆ ਹੈ ਅਤੇ ਵਕਾਲਤ ਕੀਤੀ ਹੈ, ਨੂੰ ਹੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਜਾ ਸਕਦਾ ਹੈ।
ਐਡਵੋਕੇਟ ਭੱਟੀ ਦਾ ਇਲਜ਼ਾਮ ਹੈ ਕਿ ਜਿਸ ਵਿਅਕਤੀ ਨੂੰ ਹੁਣ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ, ਉਸ ਕੋਲ ਅਜਿਹੀ ਕੋਈ ਯੋਗਤਾ ਨਹੀਂ ਹੈ। ਇਸ ਤੋਂ ਇਲਾਵਾ ਭੱਟੀ ਨੇ ਕਈ ਹੋਰ ਇਲਜ਼ਾਮ ਵੀ ਲਗਾਏ ਹਨ। ਭੱਟੀ ਦਾ ਇਲਜ਼ਾਮ ਹੈ ਕਿ ਇਹ ਨਿਯੁਕਤੀ ਯੋਗਤਾ ਦੇ ਆਧਾਰ 'ਤੇ ਨਹੀਂ ਸਗੋਂ ਪੂਰੀ ਤਰ੍ਹਾਂ ਰਾਜਨੀਤਿਕ ਆਧਾਰ 'ਤੇ ਕੀਤੀ ਗਈ ਹੈ ਕਿਉਂਕਿ ਨਵ-ਨਿਯੁਕਤ ਐਡਵੋਕੇਟ ਜਨਰਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਹਨ।
ਐਡਵੋਕੇਟ ਭੱਟੀ ਨੇ ਆਪਣੀ ਪਟੀਸ਼ਨ ਵਿੱਚ ਐਡਵੋਕੇਟ ਜਨਰਲ, ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਪੰਜਾਬ ਦੇ ਮੁੱਖ ਸਕੱਤਰ ਨੂੰ ਧਿਰ ਬਣਾਇਆ ਹੈ। ਇਹ ਪਟੀਸ਼ਨ ਅੱਜ ਹਾਈ ਕੋਰਟ ਰਜਿਸਟਰੀ ਵਿੱਚ ਦਾਇਰ ਕੀਤੀ ਗਈ ਹੈ, ਜਿਸ 'ਤੇ ਹਾਈ ਕੋਰਟ ਸ਼ੁੱਕਰਵਾਰ ਤੱਕ ਸੁਣਵਾਈ ਕਰ ਸਕਦੀ ਹੈ।
ਇਹ ਵੀ ਪੜ੍ਹੋ : Pastor Bajinder Singh Punishment : ਮਹਿਲਾ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ ਪਾਸਟਰ ਬਜਿੰਦਰ ਸਿੰਘ ਨੂੰ ਮਿਲੀ ਉਮਰ ਕੈਦ ਦੀ ਸਜ਼ਾ
- PTC NEWS