ਚੰਡੀਗੜ੍ਹ 'ਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਨਹੀਂ ਪਰਵਾਹ, ਪੁਲਿਸ ਨੇ ਜਾਰੀ ਕੀਤੇ ਅੰਕੜੇ
ਚੰਡੀਗੜ੍ਹ : ਸਿਟੀਬਿਊਟੀਫੁੱਲ ਵਿਚ ਸਖ਼ਤੀ ਦੇ ਬਾਵਜੂਦ ਲੋਕ ਜ਼ਿਆਦਾ ਟ੍ਰੈਫਿਕ ਨਿਯਮਾਂ ਦੀ ਪਰਵਾਹ ਕਰਦੇ ਨਜ਼ਰ ਨਹੀਂ ਆ ਰਹੇ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਚਾਲਾਨ ਦੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਖ਼ੁਲਾਸਾ ਹੁੰਦਾ ਹੈ ਕਿ ਰਾਜਧਾਨੀ ਵਿਚ ਵੀ ਲੋਕ ਟ੍ਰੈਫਿਕ ਨਿਯਮਾਂ ਪ੍ਰਤੀ ਜ਼ਿਆਦਾ ਜਾਗਰੂਕ ਨਹੀਂ ਹਨ।
ਓਵਰਸਪੀਡ ਤੇ ਲਾਲਬੱਤੀ ਟੱਪਣਾ ਤਾਂ ਜਿਸ ਤਰ੍ਹਾਂ ਕਿ ਆਮ ਜਿਹਾ ਹੀ ਹੋ ਗਿਆ ਹੈ। ਟ੍ਰੈਫਿਕ ਪੁਲਿਸ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠ ਰਹੀ ਹੈ। ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਲਗਾਏ ਗਏ ਹਾਈਟੈਕ ਕੈਮਰਿਆਂ ਮਗਰੋਂ ਸਿਟੀਬਿਊਟੀਫੁੱਲ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਉਤੇ ਚਾਲਾਨ ਦੀ ਗਿਣਤੀ 2021 ਦੇ ਮੁਕਾਬਲੇ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ 2022 ਵਿਚ 586966 ਟ੍ਰੈਫਿਕ ਚਲਾਨ ਕੀਤੇ ਗਏ ਹਨ ਜਦੋਂਕਿ 2021 ਵਿੱਚ 232319 ਚਲਾਨ ਹੋਏ ਸਨ। ਇਸ ਸਾਲ ਸਭ ਤੋਂ ਵੱਧ ਚਾਲਾਨ ਓਵਰਸਪੀਡ ਦੇ ਹੋਏ ਹਨ। ਜਿਨ੍ਹਾਂ ਦੀ ਗਿਣਤੀ 184166 ਹੈ ਤੇ ਇਸ ਦੇ ਉਲਟ 2021 ਵਿਚ ਇਹ ਅੰਕੜਾ ਸਿਰਫ਼ 64132 ਸੀ। ਲਾਲ ਬੱਤੀ ਟੱਪਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ।
ਇਹ ਵੀ ਪੜ੍ਹੋ : ਆਤਮਦਾਹ ਕਰ ਚੁੱਕੇ ਗੁਰਮੁੱਖ ਧਾਲੀਵਾਲ ਦੇ ਪਰਿਵਾਰ ਨੇ ਪੁਲਿਸ ਖ਼ਿਲਾਫ਼ ਖੋਲ੍ਹਿਆ ਮੋਰਚਾ
ਰੈਡ ਲਾਈਟ ਜੰਪ ਕਰਨ ਲਈ 175649 ਚਲਾਨ ਕੀਤੇ ਗਏ ਹਨ ਜਦਕਿ 2021 ਵਿਚ ਲਾਲ ਬੱਤੀ ਟੱਪਣ ਦੀ ਉਲੰਘਣਾ ਕਰਨ ਉਤੇ 4097 ਚਾਲਾਨ ਕੀਤੇ ਗਏ ਸਨ। ਇਸ ਤੋਂ ਇਲਾਵਾ ਬਿਨਾਂ ਹੈਲਮੇਟ, ਗਲਤ ਪਾਰਕਿੰਗ, ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ, ਸਾਈਕਲ ਟਰੈਕ ਉਤੇ ਖ਼ਤਰਨਾਕ ਡਰਾਈਵਿੰਗ ਤੇ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਉਤੇ ਬਹੁਤ ਸਾਰੇ ਚਲਾਨ ਕੀਤੇ ਗਏ ਹਨ।
- PTC NEWS