PAU ਪੰਜਾਬ ਦੇ ਪੇਂਡੂ ਅਜਾਇਬ ਘਰ ਨੂੰ ਪੰਜਾਬ ਸਰਕਾਰ ਵੱਲੋਂ ਸੈਰ-ਸਪਾਟਾ ਸਥਾਨ ਵਜੋਂ ਮਾਨਤਾ
ਲੁਧਿਆਣਾ 7 ਨਵੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਸਥਾਪਿਤ ਪੇਂਡੂ ਜੀਵਨ ਅਜਾਇਬ ਘਰ ਨੂੰ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਸਥਾਨ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੀ.ਏ.ਯੂ. ਵਾਈਸ-ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ 27 ਸਤੰਬਰ ਨੂੰ ਯੂਨੀਵਰਸਿਟੀ ਦੇ ਅਜਾਇਬ ਘਰ ਨੂੰ ਪੰਜਾਬ ਸੈਰ-ਸਪਾਟਾ ਮੰਤਰਾਲੇ ਦੀ ਵੈੱਬਸਾਈਟ 'ਤੇ ਥਾਂ ਮਿਲੀ ਹੈ |
ਉਨ੍ਹਾਂ ਦੱਸਿਆ ਕਿ ਇਸ ਅਜਾਇਬ ਘਰ ਦੀ ਉਸਾਰੀ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ: ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੀਤਾ ਗਿਆ ਸੀ| ਉਨ੍ਹਾਂ ਕਿਹਾ ਕਿ ਇਸ ਅਜਾਇਬ ਘਰ ਨੂੰ ਪੰਜਾਬ ਦੇ ਅਮੀਰ ਪੇਂਡੂ ਵਿਰਸੇ ਦੇ ਕੇਂਦਰ ਵਜੋਂ ਵਿਉਂਤਿਆ ਗਿਆ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਰਵਾਇਤੀ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇ।
ਡਾ. ਗੋਸਲ ਨੇ ਆਸ ਪ੍ਰਗਟ ਕੀਤੀ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬ ਦੇ ਲੋਕ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਅਜਾਇਬ ਘਰ ਦਿਖਾਉਣਗੇ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ।
PAU ਕਮਿਊਨੀਕੇਸ਼ਨਜ਼ ਦੇ ਐਡੀਸ਼ਨਲ ਡਾਇਰੈਕਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਦੱਸਿਆ ਕਿ ਇਹ ਅਜਾਇਬ ਘਰ ਕਮਿਊਨਿਟੀ ਸਾਇੰਸ ਕਾਲਜ ਦੇ ਪਿਛਲੇ ਵਿਹੜੇ ਵਿੱਚ ਅਤੇ ਥਾਪਰ ਹਾਲ ਤੋਂ ਉੱਤਰ ਵੱਲ ਜਾਣ ਵਾਲੀ ਸੜਕ ਦੇ ਖੱਬੇ ਪਾਸੇ ਸਥਿਤ ਹੈ। ਇਸ ਅਜਾਇਬ ਘਰ ਦੀ ਪ੍ਰਕਿਰਤੀ ਪੁਰਾਣੀ ਆਰਕੀਟੈਕਚਰ ਦਾ ਨਮੂਨਾ ਹੈ। ਇਹ ਇਮਾਰਤ 18ਵੀਂ ਸਦੀ ਦੇ ਪੰਜਾਬ ਦੀ ਹਵੇਲੀ ਵਰਗੀ ਇਮਾਰਤ ਹੈ।
ਇਸ ਵਿੱਚ ਪੁਰਾਣੇ ਰਸੋਈ ਦੇ ਭਾਂਡੇ, ਖੇਤੀਬਾੜੀ ਦੇ ਸਾਜ਼-ਸਾਮਾਨ, ਦਸਤਕਾਰੀ, ਸੰਗੀਤ ਦੇ ਯੰਤਰ, ਪੁਰਾਣੇ ਘਰ ਦੀ ਸਜਾਵਟ ਦੀਆਂ ਵਸਤੂਆਂ, ਅਨਾਜ ਸੰਭਾਲਣ ਵਾਲੇ ਉਪਕਰਣ, ਪਸ਼ੂਆਂ ਨਾਲ ਸਬੰਧਤ ਉਪਕਰਣ ਅਤੇ ਖੇਤਾਂ ਅਤੇ ਘਰਾਂ ਵਿੱਚ ਵਰਤੇ ਜਾਂਦੇ ਹੋਰ ਸਮਾਨ ਸ਼ਾਮਲ ਹਨ ਜੋ ਡਿਸਪਲੇ ਲਈ ਸਜਾਏ ਗਏ ਹਨ।
- PTC NEWS