ਭਾਰਤ-ਕੈਨੇਡਾ ਸਬੰਧਾਂ 'ਤੇ ਸੰਸਦ ਮੈਂਬਰ ਵਿਕਰਮ ਸਾਹਨੀ ਨੇ ਪ੍ਰਗਟਾਈ ਡੂੰਘੀ ਚਿੰਤਾ
ਚੰਡੀਗੜ੍ਹ: ਪੰਜਾਬ ਤੋਂ ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਕੈਨੇਡਾ ਨਾਲ ਭਾਰਤ ਦੇ ਸਿਆਸੀ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਇਹ ਪੱਕਾ ਵਿਸ਼ਵਾਸ ਹੈ ਕਿ ਗੱਲਬਾਤ ਹੀ ਹਰ ਕੂਟਨੀਤਕ ਸਮੱਸਿਆ ਦਾ ਇੱਕੋ ਇੱਕ ਹੱਲ ਹੈ।
ਸਾਹਨੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ 'ਤੇ ਲਾਏ ਗਏ ਅਤਿਕਥਨੀ ਵਾਲੇ ਬਿਆਨ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜਨਤਕ ਬਿਆਨ ਦੇਣ ਅਤੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਬਿਨਾਂ ਕਿਸੇ ਪੁਖਤਾ ਸਬੂਤ ਦੇ ਕੈਨੇਡਾ ’ਚੋਂ ਕੱਢਣ ਦੇਣ ਦੀ ਬਜਾਏ, ਉਨ੍ਹਾਂ ਨੂੰ ਆਪਣੀ ਕੈਨੇਡਾ ਦੀ ਧਰਤੀ 'ਤੇ ਕਿਸੇ ਵੀ ਕਾਰਵਾਈ ਵਿੱਚ ਭਾਰਤ ਦੇ ਦਖਲ ਬਾਰੇ ਆਪਣੀਆਂ ਚਿੰਤਾਵਾਂ ਜਾਂ ਸ਼ੰਕਿਆਂ ਸਬੰਧੀ ਭਾਰਤ ਨਾਲ ਕੂਟਨੀਤਕ ਚੈਨਲਾਂ ਰਾਹੀਂ ਭਾਰਤ ਨਾਲ ਗੱਲਬਾਤ ਕਰਨੀ ਚਾਹੀਦੀ ਸੀ।
ਸਾਹਨੀ ਨੇ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਦੁਸ਼ਮਣੀ ਨਾਲ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ। ਵੀਜਿਆਂ ਉਤੇ ਪਾਬੰਦੀ ਲਾਉਣਾ ਕੋਈ ਸਮਝਦਾਰੀ ਵਾਲਾ ਕਦਮ ਨਹੀਂ ਹੈ। ਕੈਨੇਡਾ 'ਚ ਲੱਖਾਂ ਦੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ, ਇਹ ਇਕ ਗਲਤ ਕਦਮ ਹੈ ਅਤੇ ਇਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਵੇਗਾ। ਕੈਨੇਡੀਅਨ ਸਿੱਖ ਵੱਡੇ ਪੱਧਰ 'ਤੇ ਭਾਰਤ ਪੱਖੀ ਹਨ ਅਤੇ ਮੁੱਠੀ ਭਰ ਕੱਟੜਪੰਥੀਆਂ ਦੀ ਕਾਰਵਾਈ ਲਈ ਉਨ੍ਹਾਂ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ।
ਸਾਹਨੀ ਜੋ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਉਹ ਇਸ ਮੁੱਦੇ ਦੇ ਸ਼ਾਂਤੀਪੂਰਨ ਹੱਲ ਲਈ ਕਈ ਅਗਾਂਹਵਧੂ ਕੈਨੇਡੀਅਨ ਸੰਸਦ ਮੈਂਬਰਾਂ ਦੇ ਸੰਪਰਕ ਵਿੱਚ ਹਨ। ਜਦੋਂ ਕਿ ਵਿਸ਼ਵ ਪੰਜਾਬੀ ਸੰਸਥਾ ਦੇ ਟੋਰਾਂਟੋ, ਮਾਂਟਰੀਅਲ ਅਤੇ ਔਟਵਾ ਚੈਪਟਰ ਵੀ ਇਸ ਔਖੇ ਸਮੇਂ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।
ਸਾਹਨੀ ਨੇ ਕਿਹਾ ਕਿ ਕੱਟੜਪੰਥੀ ਹਰ ਧਰਮ ਵਿੱਚ ਹੁੰਦੇ ਹਨ ਅਤੇ ਸਾਨੂੰ ਕਦੇ ਵੀ ਮੁੱਠੀ ਭਰ ਲੋਕਾਂ ਦੇ ਕਾਰਨ ਕਿਸੇ ਭਾਈਚਾਰੇ ਬਾਰੇ ਜਲਦਬਾਜ਼ੀ ਵਿੱਚ ਕੋਈ ਧਾਰਨਾ ਨਹੀਂ ਬਣਾਉਣੀ ਚਾਹੀਦੀ। ਸਿੱਖਾਂ ਨੂੰ ਆਪਣੀ ਦੇਸ਼ ਭਗਤੀ ਅਤੇ ਭਾਰਤ ਪ੍ਰਤੀ ਵਚਨਬੱਧਤਾ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਇਤਿਹਾਸ ਸਿੱਖ ਕੌਮ ਵੱਲੋਂ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਅਤੇ ਬੇਮਿਸਾਲ ਯੋਗਦਾਨ ਦਾ ਗਵਾਹ ਹੈ। ਅੰਗਰੇਜ਼ਾਂ ਦੁਆਰਾ ਫਾਂਸੀ ਦੀ ਸਜ਼ਾ ਦੇਣ ਵਾਲੇ 123 ਭਾਰਤੀਆਂ ਵਿੱਚੋਂ 93 ਸਿੱਖ ਸਨ, ਜਦੋਂ ਕਿ 2626 ਆਜ਼ਾਦੀ ਘੁਲਾਟੀਆਂ ਵਿੱਚੋਂ 2417 ਸਿੱਖ ਸਨ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਜੋੜੇ ਦੀ ਕਥਿਤ ਤੌਰ 'ਤੇ ਕੁਲੜ੍ਹ ਪੀਜ਼ਾ ਵਾਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ
- PTC NEWS