PU Student Council Election Updates :ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ; ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਜਾਣੌ ਕੌਣ-ਕੌਣ ਹਨ ਮੈਦਾਨ ’ਚ
PU Student Council Election Updates : ਪੰਜਾਬ ਯੂਨੀਵਰਸਿਟੀ ਸਮੇਤ ਸ਼ਹਿਰ ਦੇ 10 ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਵੋਟਾਂ ਪੈਣਗੀਆਂ। ਚੋਣਾਂ ਵਿੱਚ ਕਿਸਮਤ ਅਜ਼ਮਾਉਣ ਵਾਲੇ 139 ਉਮੀਦਵਾਰਾਂ ਦੀ ਜਿੱਤ ਜਾਂ ਹਾਰ ਦਾ ਫੈਸਲਾ 56252 ਵਿਦਿਆਰਥੀ ਕਰਨਗੇ। ਵੋਟਿੰਗ ਸਵੇਰੇ 9.30 ਵਜੇ ਸ਼ੁਰੂ ਹੋਵੇਗੀ। ਨਤੀਜਾ ਵੀ ਰਾਤ 8 ਵਜੇ ਤੱਕ ਐਲਾਨ ਦਿੱਤਾ ਜਾਵੇਗਾ।
ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ 62 ਵਿਭਾਗਾਂ ਵਿੱਚ ਬੈਲਟ ਬਾਕਸ ਲਗਾਏ ਗਏ ਹਨ ਅਤੇ 182 ਪੋਲਿੰਗ ਬੂਥ ਵੋਟਿੰਗ ਲਈ ਤਿਆਰ ਹਨ। ਵਿਦਿਆਰਥੀਆਂ ਨੂੰ ਸਵੇਰੇ 9.30 ਵਜੇ ਤੱਕ ਵੋਟਿੰਗ ਲਈ ਆਪਣੇ ਵਿਭਾਗ ਵਿੱਚ ਦਾਖਲ ਹੋਣਾ ਹੋਵੇਗਾ, ਜਿਸ ਤੋਂ ਬਾਅਦ ਵੋਟਿੰਗ ਪ੍ਰਕਿਰਿਆ ਸਵੇਰੇ 10.30 ਵਜੇ ਤੱਕ ਜਾਰੀ ਰਹੇਗੀ।
ਮਿਲੀ ਜਾਣਕਾਰੀ ਮੁਤਾਬਿਕ ਪੀਯੂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ 24 ਉਮੀਦਵਾਰ ਅਤੇ ਬਾਕੀ ਦਸ ਕਾਲਜਾਂ ਵਿੱਚ 115 ਉਮੀਦਵਾਰ ਮੈਦਾਨ ਵਿੱਚ ਹਨ।
ਪੀਯੂ ਵਿੱਚ ਪ੍ਰਧਾਨ ਦੇ ਅਹੁਦੇ ਲਈ ਨੌਂ, ਮੀਤ ਪ੍ਰਧਾਨ ਲਈ ਪੰਜ, ਸਕੱਤਰ ਲਈ ਚਾਰ ਅਤੇ ਸੰਯੁਕਤ ਸਕੱਤਰ ਲਈ ਛੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ। ਕੁੱਲ ਚਾਰ ਮਹਿਲਾ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ ਤਿੰਨ ਨੇ ਪ੍ਰਧਾਨ ਅਤੇ ਇੱਕ ਨੇ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰੀ ਹੈ। ਇਨ੍ਹਾਂ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਸ਼ਿਵਾਨੀ ਨੇ ਵਿਦਿਆਰਥੀ ਜਥੇਬੰਦੀ ਸੱਥ ਦੇ ਕਰਨਦੀਪ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਹੈ।
ਕਾਬਿਲੇਗੌਰ ਹੈ ਕਿ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ABVP ਤੋਂ ਅਰਪਿਤਾ ਮਲਿਕ, PSU ਲਲਕਾਰ ਤੋਂ ਸਾਰਾ ਅਤੇ ASF ਤੋਂ ਅਲਕਾ ਚੋਣ ਮੈਦਾਨ ’ਚ ਹਨ। ਪ੍ਰਧਾਨ ਦੇ ਅਹੁਦੇ ਲਈ ਹੋਰ ਉਮੀਦਵਾਰਾਂ ਵਿੱਚ CYSS ਤੋਂ ਪ੍ਰਿੰਸ ਚੌਧਰੀ, NSUI ਤੋਂ ਰਾਹੁਲ ਨੈਨ, SOI ਤੋਂ ਤਰੁਣ ਸਿੱਧੂ, ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਅਤੇ ਮਨਦੀਪ ਸਿੰਘ ਅਤੇ ਮੁਕੁਲ ਸ਼ਾਮਲ ਹਨ। ਇਨ੍ਹਾਂ ਵਿੱਚੋਂ ਮਨਦੀਪ ਸਿੰਘ ਆਪਣਾ ਨਾਂ ਵਾਪਸ ਲੈਣਾ ਚਾਹੁੰਦਾ ਸੀ ਪਰ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ ਖਤਮ ਹੋਣ ਕਾਰਨ ਉਹ ਆਪਣਾ ਨਾਂ ਵਾਪਸ ਨਹੀਂ ਲੈ ਸਕਿਆ। ਇਸ ਕਾਰਨ ਉਸ ਨੇ ਪ੍ਰਚਾਰ ਵੀ ਨਹੀਂ ਕੀਤਾ।
ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ 'ਚ ਅਹਿਮ ਮੁੱਦਿਆਂ 'ਤੇ ਚਰਚਾ ਨਹੀਂ ਹੋਈ: ਬਾਜਵਾ
- PTC NEWS